ਭੀਖੀ, 3 ਫਰਵਰੀ (ਬਲਕਾਰ ਸਿੰਘ ਸਹੋਤਾ)- ਬੀਤੇ ਦਿਨੀਂ ਸਥਾਨਕ ਬਰਨਾਲਾ ਮੁੱਖ ਸੜਕ 'ਤੋਂ ਬਰਸਾਤਾ ਬੱਸ ਸਟੈਂਡ ਮਾਨਸਾ ਰੋਡ 'ਤੇ ਬਦਲਵੇਂ ਰਾਹ 'ਤੇ ਆਵਾਜਾਈ ਨੂੰ ਤਬਦੀਲ ਕਰਨ ਨਾਲ ਬੱਸ ਅੱਡੇ ਦੇ ਨਾਲ ਲਗਦੀ ਆਬਾਦੀ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸੇ ਵੀ ਸਮੇਂ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ | ਦੱਸਣਯੋਗ ਹੈ ਕਿ ਬੀਤੇ ਦਿਨੀਂ ਸਥਾਨਕ ਪੁਲਿਸ ਅਤੇ ਨਗਰ ਪੰਚਾਇਤ ਨੇ ਸ਼ਹਿਰ 'ਚੋਂ ਲੰਘਦੀ ਬਰਨਾਲਾ ਰੋਡ 'ਤੇ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਸਮਾਓਾ ਰਜਵਾਹੇ ਦੇ ਨਾਲ-ਨਾਲ ਬੱਸ ਅੱਡੇ ਨੂੰ ਆਉਂਦੀ ਸੜਕ 'ਤੇ ਇੱਕ ਪਾਸੇ ਦੀ ਆਵਾਜਾਈ ਨੂੰ ਤਬਦੀਲ ਕੀਤਾ ਸੀ | ਸੜਕ ਦੇ ਹਾਲਾਤ ਖ਼ਰਾਬ ਹੋਣ ਕਾਰਨ ਕਿਸੇ ਦੁਰਘਟਨਾ ਤੋਂ ਬਚਣ ਲਈ ਰਾਹਗੀਰਾਂ ਨੇ ਡਾ. ਭੂਰਾ ਸਿੰਘ ਵਾਲੀ ਗਲੀ 'ਚੋਂ ਬੱਸ ਅੱਡੇ ਨੂੰ ਲਾਂਘਾ ਬਣਾ ਲਿਆ | ਗਲੀ ਨਿਵਾਸੀਆਂ ਵਲੋਂ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕਾਰਾਂ ਅਤੇ ਹੋਰ ਵਾਹਨਾਂ ਨੂੰ ਰੋਕਣ ਲਈ ਗਲੀ 'ਚ ਪੋਲ ਗੱਡ ਦਿੱਤੇ ਗਏ ਤਾਂ ਜੋ ਵਾਹਨ ਇੱਥੋਂ ਨਾ ਲੰਘ ਸਕਣ | ਕੌਂਸਲਰ ਪ੍ਰੇਮ ਕੁਮਾਰ ਗਰਗ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਬਰਨਾਲਾ ਰੋਡ ਤੱਕ ਸੜਕ ਦੀ ਖਸਤਾ ਹਾਲਤ ਕਾਰਨ ਜ਼ਿਆਦਾਤਰ ਵਹੀਕਲ ਡਾ. ਭੂਰਾ ਸਿੰਘ ਵਾਲੀ ਗਲੀ 'ਚੋਂ ਲੰਘਣ ਲੱਗੇ ਹਨ, ਜਿਸ ਕਾਰਨ ਲੋਕਾਂ ਨੂੰ ਇੱਥੇ ਕੋਈ ਦੁਰਘਟਨਾ ਵਾਪਰਨ ਦਾ ਡਰ ਸਤਾਉਣ ਲੱਗਾ ਹੈ | ਜਿਸ ਕਾਰਨ ਗਲੀ ਵਾਸੀਆਂ ਵਲੋਂ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਗਲੀ 'ਚ ਪੋਲ ਗੱਡ ਦਿੱਤੇ ਗਏ ਹਨ | ਕੌਂਸਲਰ ਨੇ ਕਿਹਾ ਕਿ ਇਸ ਸਬੰਧੀ ਨਗਰ ਪੰਚਾਇਤ ਅਤੇ ਸਥਾਨਕ ਪੁਲਿਸ ਥਾਣਾ ਨੂੰ ਲਿਖਤੀ ਬੇਨਤੀ ਵੀ ਕੀਤੀ ਗਈ |