ਸਿਹਤ ਕਾਰਡ ਬਣਾਉਣ ਲਈ ਲਗਾਈਆਂ ਡਿਊਟੀਆਂ ਕੱਟਣ ਦੀ ਮੰਗ
ਮਾਨਸਾ, 5 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਰੋਸ ਧਰਨਾ ਲਗਾਇਆ ਗਿਆ, ਜੋ ਦੇਰ ਸ਼ਾਮ ਤੱਕ ਜਾਰੀ ਰਿਹਾ | ਉਨ੍ਹਾਂ ਦਾ ਕਹਿਣਾ ਸੀ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਕਾਰਡ ਬਣਾਉਣ ਲਈ ਲਗਾਈਆਂ ਗਈਆਂ ਹਨ ਜਦਕਿ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਨੇ ਕਿਹਾ ਕਿ ਜਦੋਂ ਵੀ ਕੋਈ ਡਾਟਾ ਐਂਟਰੀ ਦਾ ਕੰਮ ਹੁੰਦਾ ਹੈ ਤਾਂ ਕੰਪਿਊਟਰ ਅਧਿਆਪਕਾਂ ਦੀ ਯਾਦ ਆਉਂਦੀ ਹੈ ਪਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਭੱਜ ਰਹੀ ਹੈ | ਧਰਨਾਕਾਰੀਆਂ ਨੇ ਸਪਸ਼ਟ ਆਖਿਆ ਕਿ ਜੇਕਰ 6 ਫਰਵਰੀ ਤੱਕ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ 7 ਫਰਵਰੀ ਨੂੰ ਹਲਕਾ ਮਾਨਸਾ ਦੇ ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਗੁਰਪ੍ਰੀਤ ਸਿੰਘ, ਜਗਰਾਜ ਸਿੰਘ, ਲਖਵੀਰ ਸਿੰਘ, ਨਿਤੇਸ਼ ਕੁਮਾਰ, ਰਣਜੀਤ ਸਿੰਘ, ਕਰਮਜੀਤ ਸਿੰਘ, ਰਾਜਦੀਪ ਸਿੰਘ, ਸਸ਼ੀ ਕਾਠ, ਜਸਪ੍ਰੀਤ ਸਿੰਘ, ਗੁਰਸ਼ਰਨ ਕੌਰ, ਨੀਤੂ ਸ਼ਰਮਾ, ਅਰੁਣਾ ਜੈਨ ਤੋਂ ਇਲਾਵਾ ਭਰਾਤਰੀ ਜਥੇਬੰਦੀ ਡੀ.ਟੀ.ਐਫ. ਦੇ ਅਮੋਲਕ ਸਿੰਘ ਡੇਲੂਆਣਾ, ਹੰਸਾ ਸਿੰਘ, ਕਰਮਜੀਤ ਤਾਮਕੋਟ, ਸੁਖਜਿੰਦਰ ਸਿੰਘ ਆਦਿ ਸਨ |
ਕੰਪਿਊਟਰ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲਗਾਇਆ ਰੋਸ ਧਰਨਾ
ਅਜੀਤ ਡੈਸਕ
06-02-2026