ਮਾਨਸਾ, 23 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਕਾਂਗਰਸ ਪਾਰਟੀ ਵਲੋਂ 28 ਫਰਵਰੀ ਨੂੰ ਰਾਹੁਲ ਗਾਂਧੀ ਦੀ ਅਗਵਾਈ 'ਚ ਬਰਨਾਲਾ ਵਿਖੇ ਕੀਤੀ ਜਾ ਰਹੀ ਮਨਰੇਗਾ ਬਚਾਓ ਰੈਲੀ ਰਾਜ 'ਚ ਕਾਂਗਰਸ ਪਾਰਟੀ ਦੀ ਸਰਕਾਰ ਦਾ ਮੁੱਢ ਬੰਨੇ੍ਹਗੀ | ਇਹ ਦਾਅਵਾ ਪਾਰਟੀ ਦੀ ਕੌਮੀ ਜਨਰਲ ਸਕੱਤਰ ਹਿਨਾ ਲਿਖੀ ਰਾਮ ਕਾਵੜੇ ਨੇ ਇੱਥੇ ਰੈਲੀ ਦੀ ਤਿਆਰੀ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਰੈਲੀ ਨੂੰ ਸ੍ਰੀ ਗਾਂਧੀ ਤੋਂ ਇਲਾਵਾ ਕੌਮੀ ਆਗੂ ਸੰਬੋਧਨ ਕਰਨਗੇ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਰੈਲੀ 'ਚ ਕਾਫ਼ਲੇ ਬੰਨ੍ਹ ਕੇ ਆਉਣ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਕੇ ਕਿਰਤੀ ਵਿਰੋਧੀ ਨੀਤੀਆਂ ਲਿਆ ਰਹੀ ਹੈ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਲੋਕ ਪੱਖੀ ਬਿੱਲ ਪਾਸ ਕੀਤੇ ਗਏ ਸਨ, ਜਿਨ੍ਹਾਂ 'ਚ ਮਨਰੇਗਾ ਸਕੀਮ ਵੀ ਇਕ ਸੀ | ਉਨ੍ਹਾਂ ਆਖਿਆ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਕਾਨੂੰਨ ਦਾ ਨਾਂਅ ਹੀ ਨਹੀਂ ਬਦਲਿਆ ਬਲਕਿ ਯੋਜਨਾਬੱਧ ਤਰੀਕੇ ਨਾਲ ਮਨਰੇਗਾ ਨੂੰ ਖ਼ਤਮ ਕਰਨ ਦੇ ਰੌਂਅ 'ਚ ਹੈ ਪਰ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਇਸ ਸਕੀਮ ਨੂੰ ਖ਼ਤਮ ਨਹੀਂ ਹੋਣ ਦੇਵੇਗੀ | ਉਨ੍ਹਾਂ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਕਰਨ 'ਚ ਆਪ ਸਰਕਾਰ ਨਾਕਾਮ ਰਹੀ ਹੈ | ਹਿਨਾ ਕਾਵੜੇ ਨੇ ਇਹ ਵੀ ਦਾਅਵਾ ਕੀਤਾ ਕਿ 2027 'ਚ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਜ਼ਿਲੇ੍ਹ 'ਚੋਂ ਵੱਡੀ ਗਿਣਤੀ 'ਚ ਪਾਰਟੀ ਵਰਕਰ ਬਰਨਾਲਾ ਰੈਲੀ 'ਚ ਸ਼ਾਮਿਲ ਹੋਣਗੇ | ਇਸ ਮੌਕੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਚਮਕੌਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਵਿੱਕੀ, ਸੁਖਦਰਸ਼ਨ ਸਿੰਘ ਖਾਰਾ, ਸਵਰਨ ਸਿੰਘ ਖੁਡਾਲ, ਹਰਵਿੰਦਰ ਭਾਰਦਵਾਜ, ਮਨਜੀਤ ਸਿੰਘ ਰਾਣਾ, ਸੁਰੇਸ਼ ਕੁਮਾਰ ਨੰਦਗੜ੍ਹੀਆ, ਮਨਦੀਪ ਸਿੰਘ ਗੋਰਾ, ਸੱਤਪਾਲ ਸਿੰਘ ਮੂਲੇਵਾਲਾ, ਰਣਵੀਰ ਕੌਰ ਮੀਆਂ, ਤਰਜੀਤ ਸਿੰਘ ਚਹਿਲ, ਬਲਵੰਤ ਸਿੰਘ ਝੁਨੀਰ, ਬਲਦੇਵ ਸਿੰਘ ਰੜ੍ਹ, ਹਰਵਿੰਦਰ ਸਿੰਘ ਸਵੀਟੀ, ਰਾਮ ਕਿ੍ਸ਼ਨ ਸਰਦੂਲਗੜ੍ਹ, ਪਿ੍ਤਪਾਲ ਸਿੰਘ ਡਾਲੀ, ਰਾਧੇ ਸ਼ਾਮ ਮੂਸਾ, ਬੀਰੇਂਦਰ ਸਿੰਘ ਧਾਲੀਵਾਲ, ਅਮਨ ਸਿੰਘ ਢੈਪਈ, ਖੇਮ ਸਿੰਘ ਜਟਾਣਾ ਆਦਿ ਹਾਜ਼ਰ ਸਨ |
ਰਾਹੁਲ ਗਾਂਧੀ ਦੀ ਅਗਵਾਈ ਵਾਲੀ ਬਰਨਾਲਾ ਰੈਲੀ ਪੰਜਾਬ 'ਚ ਕਾਂਗਰਸ ਸਰਕਾਰ ਦਾ ਮੁੱਢ ਬੰਨੇ੍ਹਗੀ-ਹਿਨਾ ਲਿਖੀ ਰਾਮ ਕਾਵੜੇ
ਅਜੀਤ ਡੈਸਕ
24-02-2026