ਮਾਨਸਾ, 23 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਕੇਂਦਰੀ ਸੁਰੱਖਿਆ ਬਲਾਂ ਵਲੋਂ ਮਾਨਸਾ ਜ਼ਿਲੇ੍ਹ ਦੇ ਵੱਖ-ਵੱਖ ਥਾਣਿਆਂ ਦੀ ਚੈਕਿੰਗ ਕੀਤੀ ਗਈ | ਸਹਾਇਕ ਕਮਾਡੈਂਟ ਪ੍ਰੇਮ ਚੰਦ ਯਾਦਵ ਨੇ ਦੱਸਿਆ ਕਿ ਇਹ 4 ਦਿਨਾਂ ਦੀ ਚੈਕਿੰਗ ਮੁਹਿੰਮ ਹੈ ਅਤੇ ਪੰਜਾਬ ਦੇ ਦੋ ਸੰਵੇਦਨਸ਼ੀਲ ਜ਼ਿਲੇ੍ਹ ਹਨ, ਜਿਨ੍ਹਾਂ 'ਚ ਚੈਕਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਮਾਨਸਾ ਜ਼ਿਲ੍ਹਾ ਸਭ ਤੋਂ ਸੰਵੇਦਨਸ਼ੀਲ ਜ਼ਿਲ੍ਹਾ ਹੈ, ਜਿਸ ਨੂੰ ਲੈ ਕੇ ਪੁਲਿਸ ਥਾਣਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹੇ ਵਿਚ ਜੋ ਵੀ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਉਸ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਘਟਨਾ ਵਾਪਰਨ ਤੋਂ ਰੋਕਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਘਟਨਾ ਵਾਪਰਦੀ ਵੀ ਹੈ ਤਾਂ ਉਸ 'ਤੇ ਕਾਬੂ ਕਿਸ ਤਰ੍ਹਾਂ ਪਾਉਣਾ ਹੈ, ਇਸ ਨੂੰ ਲੈ ਕੇ ਪੰਜਾਬ ਪੁਲਿਸ ਨਾਲ ਤਾਲਮੇਲ ਬਣਾ ਕੇ 26 ਫਰਵਰੀ ਨੂੰ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਿਖਲਾਈ 'ਚ ਇਹ ਵੀ ਸ਼ਾਮਿਲ ਹੈ ਕਿ ਭੀੜ ਨੂੰ ਇਕੱਠੀ ਹੋਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਅਤੇ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਥਾਣਾ ਸਦਰ, ਸ਼ਹਿਰੀ-1 ਅਤੇ ਸ਼ਹਿਰੀ-2 ਮਾਨਸਾ, ਜੋਗਾ ਤੇ ਭੀਖੀ ਥਾਣੇ ਦੀ ਚੈਕਿੰਗ ਕੀਤੀ ਗਈ ਹੈ | ਇਸ ਤੋਂ ਇਲਾਵਾ ਸਥਾਨਕ ਸ਼ਹਿਰ ਵਿਚ ਫਲੈਗ ਮਾਰਚ ਦੀ ਕੀਤਾ ਗਿਆ ਹੈ |
ਕੇਂਦਰੀ ਸੁਰੱਖਿਆ ਬਲਾਂ ਨੇ ਜ਼ਿਲੇ੍ਹ ਦੇ ਪੁਲਿਸ ਥਾਣਿਆਂ ਦੀ ਕੀਤੀ ਚੈਕਿੰਗ
ਅਜੀਤ ਡੈਸਕ
24-02-2026