ਮਾਨਸਾ, 23 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਆਮ ਲੋਕਾਂ ਦੀ ਮਾਨਸਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵਲੋਂ ਸ਼ੁਰੂ ਕੀਤਾ 'ਟੈਲੀ-ਮਾਨਸ' ਕ੍ਰਾਂਤੀਕਾਰੀ ਕਦਮ ਸਾਬਤ ਹੋ ਰਿਹਾ ਹੈ | ਇਹ ਪ੍ਰਗਟਾਵਾ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਇਹ ਟੋਲ-ਫਰੀ ਹੈਲਪ ਲਾਈਨ ਸੇਵਾ ਹੈ, ਜੋ ਪੰਜਾਬੀ ਸਮੇਤ 20 ਤੋਂ ਵੱਧ ਭਾਸ਼ਾਵਾਂ 'ਚ ਉਪਲਬਧ ਹੋਣ ਦੇ ਨਾਲ-ਨਾਲ ਪੂਰੇ ਦੇਸ਼ 'ਚ 24 ਘੰਟੇ ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ | 'ਟੈਲੀ-ਮਾਨਸ ਪੰਜਾਬ' ਵਲੋਂ ਇਸ ਸਾਲ 35 ਹਜ਼ਾਰ ਤੋਂ ਵੱਧ ਕਾਲਾਂ ਪ੍ਰਾਪਤ ਕਰ ਕੇ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮਰੀਜ਼ ਦੀ ਨਿੱਜੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਤਾਂ ਜੋ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਸਹਾਇਤਾ ਪ੍ਰਾਪਤ ਕਰ ਸਕੇ | ਉਪਭੋਗਤਾ ਘਰ ਬੈਠੇ ਹੀ ਆਪਣੇ ਫ਼ੋਨ ਜਾਂ ਮੋਬਾਈਲ ਐਪ ਰਾਹੀਂ ਨਸ਼ੇ ਦੀ ਆਦਤ, ਚਿੰਤਾ, ਪ੍ਰੀਖਿਆਵਾਂ ਦਾ ਤਣਾਅ, ਡਿਪਰੈਸ਼ਨ, ਵਿੱਤੀ ਮੁਸ਼ਕਲਾਂ ਅਤੇ ਪਰਿਵਾਰਕ ਮਸਲਿਆਂ ਸਬੰਧੀ ਪੇਸ਼ੇਵਰ ਸਲਾਹਕਾਰਾਂ, ਸਮਾਜ ਸੇਵਕਾਂ ਅਤੇ ਮਨੋਵਿਗਿਆਨੀਆਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਅਤੇ ਗੰਭੀਰ ਮਾਮਲਿਆਂ 'ਚ ਵਿਅਕਤੀਗਤ ਤੌਰ 'ਤੇ ਮਾਹਿਰਾਂ ਨਾਲ ਮਿਲਾਉਣ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਰਕਾਰੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ |