ਬਾਲਿਆਂਵਾਲੀ, 24 ਫ਼ਰਵਰੀ (ਕੁਲਦੀਪ ਮਤਵਾਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ (ਹਲਕਾ ਇੰਚਾਰਜ ਮੌੜ) ਵਲੋਂ 8 ਮਾਰਚ ਦੀ ਪੰਜਾਬ ਬਚਾਓ ਰੈਲੀ ਨੂੰ ਸਫ਼ਲ ਬਣਾਉਣ ਲਈ ਬਾਲਿਆਂਵਾਲੀ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ | ਸੇਖੋਂ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ | ਪੰਜਾਬ 'ਚ ਹਰ ਰੋਜ਼ ਕਤਲੇਆਮ ਹੋ ਰਹੇ ਹਨ ਅਤੇ ਦਿਨ ਬਦਿਨ ਗੈਂਗਸਟਰਵਾਦ ਪੈਰ ਪਸਾਰ ਰਿਹਾ ਹੈ ਪ੍ਰੰਤੂ ਆਮ ਆਦਮੀ ਦੀ ਸਰਕਾਰ ਨੇ ਬਾਦਲ ਪਰਿਵਾਰ ਨੂੰ ਭੰਡਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਭੱਖਦੇ ਮਸਲਿਆਂ 'ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ, ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ | ਸੇਖੋਂ ਨੇ ਕਿਹਾ ਅਕਾਲੀ ਸਰਕਾਰ ਸਮੇਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤੇ, ਮੁਫ਼ਤ ਰਾਸ਼ਨ ਵੰਡਿਆ, ਸਿਹਤ ਸਹੂਲਤਾਂ ਦਿੱਤੀਆਂ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਦਕਿ ਇਸ ਸਰਕਾਰ ਨੇ ਸਾਰੀਆਂ ਸਕੀਮਾਂ ਨੂੰ ਠੱਪ ਕਰ ਦਿੱਤਾ ਹੈ | ਉਨ੍ਹਾਂ ਅਪੀਲ ਕੀਤੀ ਕਿ ਮੌੜ ਮੰਡੀ ਦੀ 8 ਮਾਰਚ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰੋ ਤਾਂ ਕਿ 2027 ਦੀਆਂ ਚੋਣਾਂ 'ਚ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਭਜਨ ਸਿੰਘ ਮਾਈਸਰਖਾਨਾ, ਨੰਬਰਦਾਰ ਅਮਨਦੀਪ ਸਿੰਘ ਯੂਥ ਸਰਕਲ ਪ੍ਰਧਾਨ, ਪ੍ਰਧਾਨ ਜਸਵੀਰ ਸਿੰਘ ਜੌੜਾ, ਚੇਅਰਮੈਨ ਸੁਖਜਿੰਦਰ ਪੱਪਾ,ਜਗਜੀਤ ਸਿੰਘ ਸਿੱਧੂ, ਕੇਵਲ ਸਿੰਘ ਰੰਧਾਵਾ, ਸੰਜੀਵ ਗਰਗ ਨੀਟੂ, ਰਣਜੀਤ ਸਿੰਘ ਨਿੱਕਾ, ਪ੍ਰਤਾਪ ਸਿੰਘ,ਅਮਰਾ ਸਿੰਘ ਨੰਬਰਦਾਰ, ਬੇਅੰਤ ਸਿੰਘ ਭੱਟੀ ਸਣੇ ਸੈਂਕੜੇ ਵਰਕਰ ਹਾਜ਼ਰ ਸਨ |
ਪੰਜਾਬ 'ਚ ਕਤਲੇਆਮ ਤੇ ਗੈਂਗਸਟਰਵਾਦ ਪੈਰ ਪਸਾਰ ਰਿਹਾ ਹੈ-ਜਨਮੇਜਾ ਸਿੰਘ ਸੇਖੋਂ
ਅਜੀਤ ਡੈਸਕ
25-02-2026