ਮਾਨਸਾ, 2 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਕੁਲੈਹਰੀ ਕੋਲ ਮਾਲ ਗੱਡੀ ਹੇਠ ਆਉਣ ਕਰ ਕੇ ਇਕ ਆਜੜੀ ਤੇ ਦਰਜਨਾਂ ਬੱਕਰੀਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਆਜੜੀ ਪਤਲੂ ਸਿੰਘ ਤੇ ਸੁਖਦੇਵ ਸਿੰਘ ਸੁੱਖਾ ਵਾਸੀ ਬੱਪੀਆਣਾ ਬੱਕਰੀਆਂ ਚਰਾਉਂਦੇ ਹੋਏ ਜਿਉਂ ਹੀ ਡਰੇਨ ਦੇ ਪੁਲ ਕੋਲ ਰੇਲ ਪਟੜੀ ਕੋਲ ਪਹੁੰਚੇ, ਨੂੰ ਆ ਰਹੀ ਮਾਲ ਗੱਡੀ ਦਾ ਪਤਾ ਨਹੀਂ ਲੱਗਿਆ | ਆਜੜੀ ਪਤਲੂ ਸਿੰਘ ਵੀ ਟਰੇਨ ਦੀ ਲਪੇਟ 'ਚ ਆ ਗਿਆ ਅਤੇ 50-60 ਦੇ ਕਰੀਬ ਬੱਕਰੀਆਂ ਵੀ ਗੱਡੀ ਹੇਠ ਆ ਕੇ ਮੌਤ ਦੇ ਘਾਟ ਜਾ ਪਈਆਂ | ਘਟਨਾ ਦਾ ਪਤਾ ਚੱਲਦਿਆਂ ਹੀ ਪਿੰਡ ਬੱਪੀਆਣਾ 'ਚ ਸੋਗ ਦੀ ਲਹਿਰ ਫੈਲ ਗਈ | ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਘਰ ਪਹੁੰਚੇ ਅਤੇ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ | ਪਿੰਡ ਬੱਪੀਆਣਾ ਦੇ ਸਰਪੰਚ ਚਮਕੌਰ ਸਿੰਘ ਤੇ ਅਕਾਲੀ ਆਗੂ ਮੇਲਾ ਸਿੰਘ ਬੱਪੀਆਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ |