ਬਠਿੰਡਾ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਨਗਰ ਸੁਧਾਰ ਟਰੱਸਟ ਬਠਿੰਡਾ ਵਲੋਂ ਸ਼ਹੀਦ ਭਗਤ ਸਿੰਘ ਇਨਕਲੇਵ ਗੋਨਿਆਣਾ ਰੋਡ, ਬਠਿੰਡਾ ਦੇ ਕੱਢੇ ਗਏ ਪਲਾਟਾਂ ਦੇ ਡਰਾਅ ਤਹਿਤ ਜਿਨ੍ਹਾਂ ਲੋਕਾਂ ਨੂੰ ਪਲਾਟਾਂ ਦੀ ਅਲਾਟਮੈਂਟ ਹੋਈ ਸੀ, ਉਨ੍ਹਾਂ ਨੂੰ 116 ਅਲਾਟਮੈਂਟ ਪੱਤਰ ਕੈਬਿਨਟ ਮੰਤਰੀ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਵਲੋਂ ਦਿੱਤੇ ਗਏ | ਇਸ ਮੌਕੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਅਤੇ ਰਹਿਣ-ਸਹਿਣ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਇਨਕਲੇਵ ਵਿਚ ਰਹਿਣ ਵਾਲੇ ਲੋਕਾਂ ਨੂੰ ਸਰਕਾਰ ਦੁਆਰਾ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ | ਸਮਾਗਮ ਦੌਰਾਨ ਜਦੋਂ ਵੱਖ-ਵੱਖ ਪਲਾਟ ਐਲਾਟੀਆਂ ਨੂੰ ਅਲਾਟਮੈਂਟ ਪੱਤਰ ਸੌਂਪੇ ਗਏ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਅਤੇ ਸੰਤੁਸ਼ਟੀ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਸੀ | ਪਲਾਟ ਐਲਾਟੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਸੁਪਨੇ ਸਾਕਾਰ ਹੋਣ ਵਰਗਾ ਹੈ | ਇਸ ਮੌਕੇ ਵਿਧਾਇਕ ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ, ਨੀਲ ਗਰਗ ਚੇਅਰਮੈਨ ਮੀਡੀਅਮ ਉਦਯੋਗ ਵਿਕਾਸ ਬੋਰਡ ਪੰਜਾਬ, ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਬਲਜੀਤ ਬੱਲੀ ਅਤੇ ਵਰਕਰ ਆਦਿ ਹਾਜ਼ਰ ਸਨ |