08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਦੇ ਰੋਸ 'ਚ ਭਾਕਿਯੂ (ਉਗਰਾਹਾਂ) ਵਲੋਂ ਡੀ.ਸੀ. ਦਫ਼ਤਰ ਦਾ ਘਿਰਾਓ

Ad Position 21
No active advertisement
ਮਾਨਸਾ ਵਿਖੇ ਡੀ.ਸੀ. ਦਫ਼ਤਰ ਦੇ ਘਿਰਾਓ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਰਾਮ ਸਿੰਘ ਭੈਣੀਬਾਘਾ | ਤਸਵੀਰ : ਸੇਮੀ ਮਾਨਸਾ <br/> 16-04-2026
• ਡੀ.ਸੀ. ਵਲੋਂ ਖ਼ਰੀਦ ਸ਼ੁਰੂ ਕਰਨ ਦਾ ਭਰੋਸਾ • ਜਥੇਬੰਦੀ ਵਲੋਂ ਮਸਲਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ


ਮਾਨਸਾ, 15 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਕਣਕ ਦੀ ਸ਼ੁਰੂ ਨਾ ਹੋਣ ਦੇ ਰੋਸ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਕੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਕਿਸਾਨਾਂ 'ਚ ਐਨਾ ਰੋਹ ਸੀ ਕਿ ਉਹ ਪੁਲਿਸ ਦੀਆਂ ਰੋਕਾਂ ਤੋੜ ਕੇ ਪ੍ਰਬੰਧਕੀ ਕੰਪਲੈਕਸ ਦੇ ਗੇਟ ਕੋਲ ਡੀ.ਸੀ. ਦਫ਼ਤਰ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਬੇਮੌਸਮੀ ਬਾਰਸ਼ ਅਤੇ ਗੜਿਆਂ ਨਾਲ ਪਹਿਲਾਂ ਹੀ ਕਣਕ ਦਾ ਨੁਕਸਾਨ ਹੋਇਆ ਸੀ ਪਰ ਸਰਕਾਰ ਨੇ ਮੁਆਵਜ਼ਾ ਤਾਂ ਕੀ ਦੇਣਾ ਸੀ ਬਲਕਿ ਅਨਾਜ ਮੰਡੀਆਂ 'ਚ ਪਈ ਫ਼ਸਲ ਦੀ ਖ਼ਰੀਦ ਕਰਨ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਹਾਲੇ ਤੱਕ ਖ਼ਰੀਦ ਕੇਂਦਰਾਂ 'ਚ ਨਾ ਰਾਜ ਦੀਆਂ ਅਤੇ ਨਾ ਹੀ ਕੇਂਦਰ ਸਰਕਾਰ ਦੀ ਕੋਈ ਖ਼ਰੀਦ ਏਜੰਸੀ ਦਾਖਲ ਨਹੀਂ ਹੋਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਦੀ ਖ਼ਰੀਦ ਪਹਿਲੀ ਅਪ੍ਰੈਲ ਤੋਂ ਕਰਨ ਦਾ ਐਲਾਨ ਕੀਤਾ ਹੋਇਆ ਸੀ, ਪਰ 15 ਅਪ੍ਰੈਲ ਤੱਕ ਕਿਸੇ ਵੀ ਮੰਡੀ ਵਿਚ ਲਾਗੂ ਨਹੀਂ ਕੀਤਾ ਗਿਆ | ਉਨ੍ਹਾਂ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਇਕ-ਦੂਜੇ 'ਤੇ ਦੋਸ਼ ਮੜ੍ਹ ਰਹੀਆਂ ਹਨ ਜਦਕਿ ਖ਼ਰੀਦ ਕੇਂਦਰਾਂ 'ਚ ਕਿਸਾਨ ਖੱਜਲ-ਖੁਆਰ ਹੋ ਰਹੇ ਹਨ | ਕਿਸਾਨ ਆਗੂ ਨੇ ਆਪ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਦਿੱਲੀ ਪੁਲਿਸ ਨੇ ਆਪ ਸੁਪਰੀਮੋ ਨੂੰ ਗਿ੍ਫ਼ਤਾਰ ਕੀਤਾ ਸੀ ਉਸ ਵਕਤ ਪੰਜਾਬ ਦਾ ਮੁੱਖ ਮੰਤਰੀ ਵਿਧਾਇਕਾਂ ਤੇ ਮੰਤਰੀਆਂ ਨੂੰ ਲੈ ਕੇ ਦਿੱਲੀ ਧਰਨੇ 'ਤੇ ਬੈਠ ਗਿਆ ਸੀ ਪਰ ਹੁਣ ਕਣਕ ਦੇ ਖ਼ਰੀਦ ਮਾਮਲੇ 'ਚ ਜੇ ਦਿੱਲੀ ਸਰਕਾਰ ਸ਼ਰਤਾਂ ਨੂੰ ਸਖ਼ਤ ਕਰਦੀ ਹੈ ਤਾਂ ਦਿੱਲੀ ਜਾ ਕੇ ਧਰਨੇ 'ਤੇ ਕਿਉਂ ਨਹੀਂ ਬੈਠਦੇ | ਉਨ੍ਹਾਂ ਦੱਸਿਆ ਕਿ ਅਜੇ ਤੱਕ ਮੰਡੀਆਂ ਵਿਚ ਬਾਰਦਾਨੇ ਦਾ ਇਕ ਗੱਟਾ ਤੱਕ ਨਹੀਂ ਪਹੁੰਚਿਆ, ਜਿਸ ਤੋਂ ਪੰਜਾਬ ਸਰਕਾਰ ਦੀ ਬੇਈਮਾਨੀ ਸਾਫ਼ ਝਲਕਦੀ ਹੈ | ਉਨ੍ਹਾਂ ਮੰਗ ਕੀਤੀ ਕਿ ਬਾਰਦਾਨਾ ਤੁਰੰਤ ਭੇਜ ਕੇ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ | ਘਿਰਾਓ ਦੇ ਚੱਲਦਿਆਂ ਕਿਸਾਨ ਆਗੂਆਂ ਨੂੰ ਡਿਪਟੀ ਕਮਿਸ਼ਨਰ ਨੇ ਦਫ਼ਤਰ 'ਚ ਬੁਲਾ ਕੇ ਮੀਟਿੰਗ ਕੀਤੀ ਅਤੇ ਭਰੋਸਾ ਦਿੱਤਾ ਕਿ ਅੱਜ ਤੋਂ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਖ਼ਰੀਦ ਦਾ ਮਸਲਾ ਪੂਰੀ ਤਰ੍ਹਾਂ ਹੱਲ ਕਰਵਾਉਣ ਤੱਕ ਅੰਦੋਲਨ ਜਾਰੀ ਰੱਖਿਆ ਜਾਵੇਗਾ ਅਤੇ 16 ਅਪ੍ਰੈਲ ਨੂੰ ਸੂਬਾ ਕਮੇਟੀ ਦੇ ਸੱਦੇ ਤਹਿਤ ਸਾਰੇ ਜ਼ਿਲਿ੍ਹਆਂ ਦੇ ਹੈਡਕੁਆਰਟਰਾਂ 'ਤੇ ਡੀ.ਸੀ. ਦਫ਼ਤਰ ਅੱਗੇ ਧਰਨੇ ਦਿੱਤੇ ਜਾਣਗੇ | ਧਰਨੇ ਨੂੰ ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ, ਉੱਤਮ ਸਿੰਘ ਰਾਮਾਂਨੰਦੀ, ਜਗਸੀਰ ਸਿੰਘ ਜਵਾਹਰਕੇ, ਮੇਜਰ ਸਿੰਘ ਗੋਬਿੰਦਪੁਰਾ, ਸਾਧੂ ਸਿੰਘ ਅਕਲੀਆ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਮੀਰਪੁਰ, ਪਰਮਜੀਤ ਕੌਰ ਖੜਕ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਨਾ ਸ਼ੁਰੂ ਹੋਣ ਕਾਰਨ ਕਿਸਾਨ, ਮਜ਼ਦੂਰ ਪ੍ਰੇਸ਼ਾਨ ਅਗਲੀ ਖ਼ਬਰ ਬਿਜਲੀ ਗਰਿੱਡ ਬਰੇਟਾ ਵਿਖੇ ਧਰਮ ਸਮਾਗਮ ਕਰਵਾਇਆ <br/>
Ad Position 24