ਮਾਨਸਾ, 23 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਨਵਜੋਤ ਕੌਰ ਵਲੋਂ ਸਿਵਲ ਡਿਫੈਂਸ ਏਅਰ ਰੇਡ ਬਲੈਕ-ਆਊਟ ਮੌਕ ਡਰਿੱਲ ਅਭਿਆਸ ਸਬੰਧੀ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਤਿਆਰੀ ਦੇ ਉਦੇਸ਼ ਨਾਲ 24 ਅਪ੍ਰੈਲ ਨੂੰ ਰਾਤ 8 ਵਜੇ ਕਚਹਿਰੀ ਰੋਡ ਮਾਨਸਾ ਤੋਂ ਬੱਸ ਸਟੈਂਡ ਤੱਕ ਸਿਵਲ ਡਿਫੈਂਸ ਏਅਰ ਰੇਡ ਬਲੈਕ-ਆਊਟ ਮੌਕ ਅਭਿਆਸ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੌਕ ਡਰਿੱਲ ਦੌਰਾਨ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਆਮ ਅਭਿਆਸ ਹੈ, ਜੋ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਤਿਆਰੀ ਦਾ ਮੁਲਾਂਕਣ ਕਰਨ ਲਈ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਅਭਿਆਸ ਬੱਸ ਸਟੈਂਡ ਤੋਂ ਕੋਰਟ ਰੋਡ ਦੇ ਹਿੱਸੇ 'ਚ ਇੱਕ ਏਅਰ ਰੇਡ ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ 2 ਮਿੰਟ ਲਈ ਹਾਈ-ਲੋਅ ਪਿੱਚ ਸਾਇਰਨ ਵਜਾਏ ਜਾਣਗੇ | ਬੱਸ ਸਟੈਂਡ, ਮਾਤਾ ਸੁੰਦਰੀ ਕਾਲਜ, ਕੋਰਟ ਰੋਡ, ਕੇਸਰ ਸਿੰਘ ਵਾਲੀ ਗਲੀ, 33 ਫੁੱਟੀ ਰੋਡ, ਛੋਟੀ ਮਾਨਸਾ ਅਧੀਨ ਆਉਂਦੇ ਰਸਤੇ, ਘਰਾਂ ਅਤੇ ਦੁਕਾਨਾਂ 'ਚ ਬਿਜਲੀ ਸਪਲਾਈ ਬੰਦ ਕਰ ਕੇ ਪੂਰਨ ਬਲੈਕ-ਆਊਟ ਲਾਗੂ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਬਲੈਕ-ਆਊਟ ਦੌਰਾਨ ਸਾਰੀਆਂ ਲਾਈਟਾਂ, ਜਨਰੇਟਰ, ਟਾਰਚ ਆਦਿ ਬੰਦ ਕਰਨ ਦੀ ਹਦਾਇਤ ਕੀਤੀ | ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਲੋਕਾਂ ਨੂੰ ਅਭਿਆਸੀ ਕਾਰਵਾਈ ਸੰਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪਿ੍ਤਾ ਜੌਹਲ, ਜ਼ਿਲ੍ਹਾ ਕਮਾਂਡਰ ਪੰਜਾਬ ਹੋਮਗਾਰਡਜ਼ ਰਛਪਾਲ ਸਿੰਘ, ਐਸ.ਪੀ. ਮਨਮੋਹਨ ਸਿੰਘ ਅÏਲਖ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਗਿੱਲ, ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਈ.ਓ. ਕੁਲਦੀਪ ਸਿੰਘ, ਨਹਿਰੂ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਰਾਵਿੰਦਰ ਸਿੰਘ ਆਦਿ ਹਾਜ਼ਰ ਸਨ |
ਡੀ.ਸੀ. ਵਲੋਂ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕ-ਆਊਟ ਮੌਕ ਡਰਿੱਲ ਸੰਬੰਧੀ ਮੀਟਿੰਗ
ਅਜੀਤ ਡੈਸਕ
24-04-2026