12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜੇਕਰ ਧੂੜ-ਮਿੱਟੀ ਦਾ ਇਸ਼ਨਾਨ ਕਰਨਾ ਹੋਵੇ ਤਾਂ ਮਾਨਸਾ ਸ਼ਹਿਰ ਦੀ ਗੇੜੀ ਲਗਾਓ! <br/>

Ad Position 21
No active advertisement
ਅਜੀਤ ਡੈਸਕ 28-04-2026
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 27 ਅਪ੍ਰੈਲ- ਜੇਕਰ ਤੁਸੀਂ ਰੇਤੇ ਦਾ ਇਸ਼ਨਾਨ ਕਰਨਾ ਹੋਵੇ ਤਾਂ ਮਾਨਸਾ ਸ਼ਹਿਰ ਦੀ ਗੇੜੀ ਲਗਾ ਲੈਣਾ | ਸਫ਼ਾਈ ਪੱਖੋਂ ਊਣੇ ਇਸ ਸ਼ਹਿਰ ਦੀਆਂ ਸਭ ਸੜਕਾਂ ਤੇ ਗਲੀਆਂ ਦੇ ਨੇੜੇ ਮਿੱਟੀ ਹੀ ਮਿੱਟੀ ਹੈ | ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਲੋਕਾਂ ਦਾ ਸਵਾਗਤ ਕਰਦੇ ਹਨ | ਇਨ੍ਹੀਂ ਦਿਨੀਂ ਕਾਫ਼ੀ ਸੜਕਾਂ ਦੇ ਨਵੀਨੀਕਰਨ ਦਾ ਕਾਰਜ ਚੱਲ ਰਿਹਾ ਹੈ | ਬਹੁਤੀਆਂ ਥਾਵਾਂ 'ਤੇ ਸੜਕਾਂ ਪੁੱਟ ਤਾਂ ਦਿੱਤੀਆਂ ਹਨ ਪਰ ਵਿਕਾਸ ਕਾਰਜ ਠੱਪ ਪਏ ਹਨ | ਅਜਿਹੀਆਂ ਸੜਕਾਂ ਰਾਹੀਂ ਵਹੀਕਲ ਚਲਾਉਣੇ ਤੇ ਪੈਦਲ ਚਾਲਕਾਂ ਨੂੰ ਲੰਘਣਾ ਬਹੁਤ ਔਖਾ ਹੈ | ਵਾਹਨ ਏਨੀ ਜ਼ਿਆਦਾ ਮਿੱਟੀ ਉਡਾਉਂਦੇ ਹਨ ਕਿ ਦੋਪਹੀਆ ਵਾਹਨ ਚਾਲਕ ਤੇ ਪੈਦਲ ਚੱਲਣ ਵਾਲਿਆਂ ਦਾ ਬੁਰਾ ਹਾਲ ਹੋ ਜਾਂਦਾ ਹੈ | ਇਹ ਵੀ ਦੱਸ ਦੇਈਏ ਕਿ ਇਸ ਵੇਲੇ ਮਿੱਟੀ ਦੀ ਭਰਤ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਟਰਾਲੀਆਂ ਵਾਲੇ ਤਰਪਾਲ ਆਦਿ ਨਹੀਂ ਪਾਉਂਦੇ, ਜਿਸ ਕਰ ਕੇ ਸੜਕਾਂ 'ਤੇ ਕੱਕਾ ਰੇਤਾ ਆਮ ਖਿੰਡ ਰਿਹਾ ਹੈ | ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਕਚਹਿਰੀ ਰੋਡ ਦੀ ਹੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਸੀ.ਸੀ. (ਕੰਕਰੀਟ) ਦੀ ਸੜਕ ਬਣਾਉਣ ਦਾ ਕਾਰਜ 5 ਨਵੰਬਰ 2025 ਨੂੰ ਹਲਕਾ ਮਾਨਸਾ ਦੇ ਵਿਧਾਇਕ ਨੇ ਟੱਕ ਲਗਾ ਕੇ ਸ਼ੁਰੂ ਕੀਤਾ ਸੀ | ਪਿਛਲੇ ਮਹੀਨਿਆਂ ਤੋਂ ਇਹ ਸੜਕ ਪੁੱਟੀ ਪਈ ਹੈ ਅਤੇ ਵਿਕਾਸ ਕਾਰਜ ਅੱਜ-ਭਲਕ 'ਚ ਮੁੜ ਸ਼ੁਰੂ ਹੋਣਾ ਹੈ | ਕਾਬਲੇ-ਗ਼ੌਰ ਰਹੇ ਸੜਕ ਦਾ 790 ਫੁੱਟ ਬਣਿਆ ਹਿੱਸਾ ਵਿਵਾਦਾਂ 'ਚ ਆ ਗਿਆ ਸੀ | ਸ਼ਿਕਾਇਤ ਦੇ ਆਧਾਰ 'ਤੇ ਪ੍ਰਸ਼ਾਸਨ ਵਲੋਂ ਸੈਂਪਲ ਭਰਾਏ ਗਏ, ਜੋ ਇਸ ਕਦਰ ਫ਼ੇਲ੍ਹ ਪਾਏ ਗਏ ਕਿ ਨਮੂਨਿਆਂ ਦੀ ਰਿਪੋਰਟ 33 ਫ਼ੀਸਦੀ ਹੀ ਆਈ | ਇਹ ਸੜਕ ਬਣਾਉਣ ਲਈ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਕੱਲ੍ਹ ਤੋਂ ਮੁੜ ਕੰਮ ਸ਼ੁਰੂ ਹੋਣਾ ਹੈ | ਅੱਜ ਠੇਕੇਦਾਰ ਵਲੋਂ ਇਕ ਸਾਈਡ 'ਤੇ ਬਕਾਇਦਾ ਕੰਧ ਵੀ ਕੱਢ ਦਿੱਤੀ ਗਈ ਹੈ | ਇਸ ਸੜਕ ਦਾ ਬਦਲਵਾਂ ਰਸਤਾ ਮਾਨਸਾ ਖ਼ੁਰਦ ਤੋਂ ਗਲੀਆਂ ਆਦਿ ਵਿਚ ਦੀ ਕੀਤਾ ਹੋਇਆ ਹੈ ਪਰ ਕਈ ਗਲੀਆਂ ਕੱਚੀਆਂ ਹਨ, ਜਿੱਥੋਂ ਦੀ ਪਹਿਲਾਂ ਥੋੜ੍ਹੇ ਵਾਹਨ ਗੁਜ਼ਰਦੇ ਸਨ ਅਤੇ ਹੁਣ ਵਾਹਨਾਂ ਦੀ ਲਾਈਨ ਲੱਗ ਗਈ ਹੈ | ਚਾਰ-ਚੁਫੇਰੇ ਧੂੜ ਹੀ ਧੂੜ ਉੱਡ ਰਹੀ ਹੈ ਅਤੇ ਨੇੜਲੇ ਘਰਾਂ 'ਚ ਮਿੱਟੀ ਹੀ ਮਿੱਟੀ ਭਰ ਰਹੀ ਹੈ |
ਕੱਚੇ ਰਸਤਿਆਂ 'ਤੇ ਨਿੱਤ ਪਾਣੀ ਦਾ ਛਿੜਕਾਅ ਕੀਤਾ ਜਾਵੇ
ਲੋਕਾਂ ਦੀ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਹੈ ਕਿ ਜਿੱਥੇ ਵੱਡੇ ਵਹੀਕਲ ਮਾਨਸਾ ਖ਼ੁਰਦ ਦੇ ਦੂਸਰੀ ਸਾਈਡ ਵਾਲੀ ਸੜਕ ਰਾਹੀਂ ਡੀਵਰਟ ਕੀਤੇ ਜਾਣ ਉੱਥੇ ਗਲੀਆਂ ਆਦਿ 'ਚ ਘੱਟੋ-ਘੱਟ 3 ਵਾਰ ਪਾਣੀ ਦਾ ਛਿੜਕਾਅ ਕਰਵਾਇਆ ਜਾਵੇ ਤਾਂ ਕਿ ਧੂੜ ਆਦਿ ਵੀ ਨਾ ਉੱਡੇ ਅਤੇ ਦੋਪਹੀਆ ਵਾਹਨ ਵਾਲੇ ਤੇ ਪੈਦਲ ਚਾਲਕਾਂ ਦਾ ਧੂੜ ਤੋਂ ਬਚਾਅ ਹੋਵੇ ਅਤੇ ਨਾਲ ਹੀ ਨੇੜਲੇ ਘਰਾਂ ਵਾਲਿਆਂ ਨੂੰ ਵੀ ਸੁੱਖ ਦਾ ਸਾਹ ਆਵੇ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਸੜਕਾਂ ਪੁੱਟੀਆਂ ਹੋਈਆਂ ਹਨ ਉੱਥੇ ਨਿਯਮਾਂ ਮੁਤਾਬਿਕ ਸਬੰਧਿਤ ਠੇਕੇਦਾਰ ਪਾਣੀ ਦਾ ਛਿੜਕਾਅ ਕਰੇ |

Ad Position 22
No active advertisement
ਪਿਛਲੀ ਖ਼ਬਰ ਅਫ਼ੀਮ ਤੇ ਭੁੱਕੀ ਚੂਰਾ ਪੋਸਤ ਬਰਾਮਦ ਅਗਲੀ ਖ਼ਬਰ ਸੱਟਾ ਲਗਾਉਣ ਦੇ ਦੋਸ਼ 'ਚ ਕਾਬੂ
Ad Position 24