ਭੀਖੀ, 21 ਮਈ (ਬਲਕਾਰ ਸਿੰਘ ਸਹੋਤਾ)- ਸੁਨਾਮ ਰੋਡ 'ਤੇ ਭੀਖੀ ਨਹਿਰ ਨੂੰ ਟੱਪਦਿਆਂ ਗੁਜ਼ਰਦੇ ਰਾਜ ਮਾਰਗ ਦੀ ਇੱਕ ਸਾਈਡ 'ਤੇ ਕਾਫ਼ੀ ਸਮੇਂ ਤੋਂ ਕੁਝ ਹੋਟਲਾਂ ਅਤੇ ਰੈਸਟੋਰੈਂਟਾਂ ਸਮੇਤ ਲੋਕਾਂ ਵਲੋਂ ਪਲਾਸਟਿਕ ਦਾ ਕੂੜਾ ਸੁੱਟਿਆ ਜਾ ਰਿਹਾ ਹੈ, ਨੂੰ ਬੀਤੀ ਸ਼ਾਮ ਅੱਗ ਲੱਗਣ ਦੀ ਘਟਨਾ 'ਚ ਕਈ ਦਰਖ਼ਤ ਨੁਕਸਾਨੇ ਗਏ ਸਨ | ਪ੍ਰੰਤੂ ਸਵੇਰੇ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਫਿਰ ਕੂੜੇ ਦੇ ਢੇਰਾਂ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਸੜਕ 'ਤੇ ਕਰੀਬ 50 ਮੀਟਰ ਤੱਕ ਅੱਗ ਫੈਲ ਗਈ ਅਤੇ ਕਈ ਦਰਖ਼ਤ ਅੱਗ 'ਚ ਝੁਲਸ ਗਏ | ਹਾਸੋਹੀਣਾ ਇਹ ਹੈ ਕਿ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ 'ਤੇ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਂਦੀ ਹੈ ਪ੍ਰੰਤੂ ਇੱਥੇ ਕੂੜੇ ਨੂੰ ਬਾਰ-ਬਾਰ ਅੱਗ ਲਾਉਣ 'ਤੇ ਪ੍ਰਸ਼ਾਸਨ ਵਲੋਂ ਹਾਲੇ ਤੱਕ ਕੋਈ ਪ੍ਰਭਾਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ | ਦੂਸਰੇ ਪਾਸੇ ਨਗਰ ਪੰਚਾਇਤ ਕਸਬੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ 'ਸਵੱਛ ਭਾਰਤ' ਮੁਹਿੰਮ ਤਹਿਤ ਹਰ ਸਾਲ ਵੱਡੇ ਪੱਧਰ 'ਤੇ ਖਰਚਾ ਕਰਦੀ ਹੈ ਪ੍ਰੰਤੂ ਸੜਕ ਕਿਨਾਰੇ ਪਏ ਕੂੜੇ 'ਤੇ ਹਾਲੇ ਤੱਕ ਉਨ੍ਹਾਂ ਦੀ ਸਵੱਲੀ ਨਜ਼ਰ ਨਹੀਂ ਗਈ | ਵਣ ਕਰਮਚਾਰੀ ਮਨਦੀਪ ਕੌਰ ਨੇ ਦੱਸਿਆ ਕਿ ਵਣ ਵਿਭਾਗ ਵਲੋਂ ਕਈ ਰੈਸਟੋਰੈਂਟ ਅਤੇ ਹੋਟਲ ਮਾਲਕਾਂ ਨੂੰ ਨੋਟਿਸ ਦੇ ਕੇ ਸੜਕਾਂ ਕਿਨਾਰੇ ਰੁੱਖਾਂ ਹੇਠ ਕੂੜਾ ਸੁੱਟਣ ਤੋਂ ਰੋਕਿਆ ਗਿਆ ਹੈ ਪ੍ਰੰਤੂ ਫਿਰ ਵੀ ਦੂਸਰੀ ਵਾਰ ਕੂੜੇ ਨੂੰ ਅੱਗ ਲਗਾਈ ਗਈ | ਉਨ੍ਹਾਂ ਆਖਿਆ ਕਿ ਜਿਹੜੇ ਸ਼ਰਾਰਤੀ ਅਨਸਰ ਅਜਿਹਾ ਕਰ ਰਹੇ ਹਨ, ਦੀ ਜਲਦੀ ਪਹਿਚਾਣ ਕਰ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸੜਕਾਂ ਕਿਨਾਰੇ ਰੁੱਖਾਂ ਦੀ ਰਾਖੀ ਲਈ ਵਿਭਾਗ ਪ੍ਰਤੀਬੱਧ ਹੈ ਅਤੇ ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀ ਮਦਦ ਵੀ ਲਈ ਗਈ |