ਮਾਨਸਾ, 21 ਮਈ (ਰਾਵਿੰਦਰ ਸਿੰਘ ਰਵੀ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਕਾਰਨ ਪਸ਼ੂ-ਪੰਛੀ ਅਤੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ | ਜੇਠ ਦੇ ਮਹੀਨੇ ਸਵੇਰ ਵੇਲੇ ਹੀ ਸੂਰਜ ਦੇਵਤਾ ਤਪਣ ਲੱਗ ਜਾਂਦਾ ਹੈ ਅਤੇ ਤਿੱਖੀ ਧੁੱਪ ਮੱਥੇ 'ਚ ਵੱਜਦੀ ਹੈ | ਬਾਅਦ ਦੁਪਹਿਰ ਵੇਲੇ ਚੱਲਦੀ ਲੂ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਸਕੂਲੀ ਬੱਚਿਆਂ ਅਤੇ ਖ਼ਾਸਕਰ ਬਜ਼ੁਰਗਾਂ ਨੂੰ ਗਰਮੀ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਮਾਨਸਾ ਵੀ ਭੱਠੀ ਵਾਂਗ ਤਪਿਆ ਰਿਹਾ ਅਤੇ ਤਾਪਮਾਨ 44 ਡਿਗਰੀ 'ਤੇ ਪਹੁੰਚ ਗਿਆ | ਅੱਤ ਦੀ ਗਰਮੀ ਨਾਲ ਲੋਕਾਂ ਨੂੰ ਬੁਖ਼ਾਰ ਦੇ ਨਾਲ-ਨਾਲ ਪੇਟ ਦੀ ਸਮੱਸਿਆ ਵੀ ਪੇਸ਼ ਆ ਰਹੀ ਹੈ | ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਵਧੇਰੇ ਪਾਣੀ ਪੀਣ ਤੋਂ ਇਲਾਵਾ ਤਰਲ ਪਦਾਰਥਾਂ ਵਾਲੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨ | ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਨਾਲ ਹੀ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ | ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ 'ਚ ਵੀ ਗਰਮੀ ਹੋਰ ਜ਼ਿਆਦਾ ਪੈਣ ਦੀ ਸੰਭਾਵਨਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਸਬਜ਼ੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ |
ਭੱਠੀ ਵਾਂਗ ਤਪਿਆ ਮਾਨਸਾ, ਤਾਪਮਾਨ 44 ਡਿਗਰੀ 'ਤੇ ਪਹੁੰਚਿਆ <br/>
ਅਜੀਤ ਡੈਸਕ
22-05-2026