ਮਾਨਸਾ ਦੇ ਵਾਰਡ ਨੰਬਰ 20 'ਚ ਸੱਤਾਧਾਰੀ ਧਿਰ 'ਤੇ ਜਾਅਲੀ ਵੋਟਾਂ ਪਾਉਣ ਤੇ ਕੁੱਟਮਾਰ ਕਰਨ ਦਾ ਦੋਸ਼
ਅਜੀਤ ਡੈਸਕ
27-05-2026
ਮਾਨਸਾ, 26 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 20 'ਚ ਆਜ਼ਾਦ ਉਮੀਦਵਾਰ ਰਜਨੀ ਗੋਇਲ ਦੇ ਪਰਿਵਾਰ ਵਲੋਂ ਸੱਤਾਧਾਰੀ ਪਾਰਟੀ 'ਤੇ ਜਾਅਲੀ ਵੋਟਾਂ ਪਾਉਣ ਤੇ ਉਨ੍ਹਾਂ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪੋਲਿੰਗ ਬੂਥ 'ਤੇ ਮੌਜੂਦ ਔਰਤਾਂ ਤੇ ਲੜਕੀਆਂ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ | ਉਨ੍ਹਾਂ ਪੰਜਾਬ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇੱਕ ਪਾਸੇ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਸਰੇ ਪਾਸੇ ਲੜਕੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮਾਮਲੇ 'ਚ 2 ਵਿਅਕਤੀ ਸਿਵਲ ਹਸਪਤਾਲ 'ਚ ਵੀ ਦਾਖਲ ਹੋਏ ਹਨ | ਐਸ.ਐਮ.ਓ. ਮਾਨਸਾ ਡਾ. ਗੁਰਮੇਲ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਹਸਪਤਾਲ 'ਚ ਦਾਖਲ ਸੰਜੀਵ ਕੁਮਾਰ ਦੇ ਨੱਕ 'ਚ ਸੱਟ ਲੱਗੀ ਹੈ ਜਦਕਿ ਖ਼ੁਸ਼ੀ ਗੋਇਲ ਦੇ ਝਰੀਟਾਂ ਆਦਿ ਹਨ | ਦੂਸਰੇ ਪਾਸੇ ਸੱਤਾ ਪੱਖ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ |