ਮਾਨਸਾ, 1 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਰਾਜਪਾਲ ਪੰਜਾਬ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਮੰਗ ਪੱਤਰ ਦੇਣ ਤੋਂ ਪਹਿਲਾਂ ਬਾਲ ਭਵਨ ਵਿਖੇ ਇਕੱਠੇ ਹੋਏ ਵਰਕਰਾਂ ਨੂੰ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਬੋਧਨ ਕੀਤਾ | ਉਨ੍ਹਾਂ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਨ 'ਤੇ ਜ਼ੋਰ ਦਿੱਤਾ | ਦਲ ਵਲੋਂ ਰਾਜਪਾਲ ਤੋਂ ਮੰਗ ਕੀਤੀ ਗਈ ਕਿ ਕੇਂਦਰੀ ਗ੍ਰਹਿ ਵਿਭਾਗ ਅਤੇ ਰਾਸ਼ਟਰਪਤੀ ਤੱਕ ਪਹੁੰਚ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2026 'ਚ ਸੋਧ ਕਰਵਾਈ ਜਾਵੇ ਕਿਉਂਕਿ ਇਹ ਕਾਨੂੰਨ ਪੰਜਾਬ ਸਰਕਾਰ ਨੇ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੀ ਬਿਨਾਂ ਸਲਾਹ ਤੋਂ ਪਾਸ ਕੀਤਾ ਹੈ ਜਦਕਿ ਸ਼ੋ੍ਰਮਣੀ ਕਮੇਟੀ ਨੇ ਵੀ ਬਣਦਾ ਰੋਲ ਨਹੀਂ ਨਿਭਾਇਆ | ਉਨ੍ਹਾਂ ਇਹ ਵੀ ਮੰਗ ਉਠਾਈ ਕਿ ਸਾਕਾ ਨੀਲਾ ਤਾਰਾ ਲਈ ਭਾਰਤ ਸਰਕਾਰ ਪਾਰਲੀਮੈਂਟ ਤੋਂ ਮੁਆਫ਼ੀ ਮੰਗੇ ਅਤੇ ਇਸ ਕਾਂਡ ਦੀ ਮੁੱਖ ਜ਼ਿੰਮੇਵਾਰ ਸਵ: ਇੰਦਰਾ ਗਾਂਧੀ ਦਾ ਭਾਰਤ ਰਤਨ ਵਾਪਸ ਲਿਆ ਜਾਵੇ ਅਤੇ ਇੰਦਰਾ ਗਾਂਧੀ ਏਅਰਪੋਰਟ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਿਆ ਜਾਵੇ, ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਕਿਸਾਨੀ ਮਸਲੇ ਹੱਲ ਕਰਨ ਦੇ ਨਾਲ ਹੀ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਦਰਿਆਈ ਪਾਣੀ ਅਤੇ ਬਿਜਲੀ ਪ੍ਰੋਜੈਕਟਾਂ 'ਤੇ ਪੰਜਾਬ ਦਾ ਹੱਕ ਮੰਨਿਆ ਜਾਵੇ | ਇਸੇ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁਲ੍ਹਵਾਇਆ ਜਾਵੇ | ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਕੌਰ ਸਿੰਘ ਖਾਰਾ ਤੇ ਮਨਜੀਤ ਸਿੰਘ ਬੱਪੀਆਣਾ, ਪਰਮਜੀਤ ਸਿੰਘ ਭੀਖੀ, ਜਸਵੰਤ ਸਿੰਘ ਕੋਟੜਾ, ਨਾਇਬ ਸਿੰਘ ਭੁਪਾਲ, ਗੁਰਵਿੰਦਰ ਸਿੰਘ ਪਟਵਾਰੀ, ਐਡਵੋਕੇਟ ਅਮਨਦੀਪ ਸਿੰਘ ਭਲਾਈਕੇ, ਹਰਜਿੰਦਰ ਸਿੰਘ ਰਿਉਂਦ, ਭੀਮ ਸਿੰਘ ਕਣਕਵਾਲ, ਕਰਨੈਲ ਸਿੰਘ ਸਰਦੂਲਗੜ੍ਹ, ਸੰਦੀਪ ਸਿੰਘ ਸੀਪਾ, ਤਿਰਲੋਚਨ ਸਿੰਘ ਮਾਨਸਾ ਆਦਿ ਹਾਜ਼ਰ ਸਨ |