27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭੀਖੀ ਡਿਸਟਰੀਬਿਊਟਰੀ 'ਤੇ ਨਿਰਮਾਣ ਅਧੀਨ ਪੁਲ ਦੀ ਬੁਰਜੀ ਨੁਕਸਾਨੀ, ਆਵਾਜਾਈ ਖੋਲ੍ਹੀ ਤਾਂ ਹਾਦਸੇ ਦੀ ਸੰਭਾਵਨਾ <br/>

Ad Position 21
No active advertisement
ਅਜੀਤ ਡੈਸਕ 15-06-2026

ਭੀਖੀ, 14ਜੂਨ (ਬਲਕਾਰ ਸਿੰਘ ਸਹੋਤਾ)- ਧਲੇਵਾਂ ਰੋਡ 'ਤੇ ਭੀਖੀ ਡਿਸਟਰੀਬਿਊਟਰੀ (ਨਹਿਰ) 'ਤੇ ਨਿਰਮਾਣ ਅਧੀਨ ਪੁਲ ਦੇ ਨਾਲ ਪਾੜ ਪੈਣ ਨਾਲ ਜਿੱਥੇ ਸੈਂਕੜੇ ਏਕੜ ਜ਼ਮੀਨ 'ਚ ਪਾਣੀ ਭਰ ਗਿਆ ਸੀ, ਉੱਥੇ ਇਹ ਨਿਰਮਾਣ ਅਧੀਨ ਪੁਲ ਦਾ ਆਧਾਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਤਾਜ਼ੀ ਪਾਈ ਸਲੈਬ ਹੇਠੋਂ ਸ਼ਟਰਿੰਗ ਖਿਸਕਣ ਨਾਲ ਸਲੈਬ ਦੀ ਮਜ਼ਬੂਤੀ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਇਹ ਪੁਲ ਵਰਤਣ ਯੋਗ ਵੀ ਹੋਵੇਗਾ ਜਾ ਨਹੀਂ? ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਵਲੋਂ ਕਸਬੇ ਦੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਨਹਿਰ ਹੇਠੋਂ ਜ਼ਮੀਨਦੋਜ਼ ਪਾਈਪਲਾਈਨ ਨੂੰ ਵੀ ਨਹਿਰ ਟੁੱਟਣ ਦਾ ਕਾਰਨ ਮੰਨਿਆ ਜਾ ਰਿਹਾ ਹੈ | ਭਾਵੇਂ ਨਗਰ ਪੰਚਾਇਤ ਦੇ ਜੇ.ਈ. ਰਾਕੇਸ਼ ਕੁਮਾਰ ਨੇ ਕਿਹਾ ਕਿ ਨਹਿਰੀ ਵਿਭਾਗ ਦੀ ਨਿਸ਼ਾਨਦੇਹੀ 'ਤੇ ਹੀ ਪਾਈਪ ਪਾਈ ਗਈ ਸੀ ਅਤੇ ਪਾਈਪਲਾਈਨ ਪਾਉਣ ਲਈ ਮਾਹਿਰ ਕਾਰੀਗਰਾਂ ਦੇ ਨਾਲ ਹੀ ਉੱਚ ਤਕਨੀਕੀ ਡਰਿੱਲ ਮਸ਼ੀਨ ਦੀ ਵਰਤੋਂ ਕੀਤੀ ਸੀ ਪ੍ਰੰਤੂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨਹਿਰ ਦੇ ਬੈੱਡ ਤੋਂ ਲਗਾਤਾਰ ਪਾਣੀ ਦਾ ਰਿਸਾਉ ਧਰਤੀ 'ਚ ਹੁੰਦਾ ਰਹਿੰਦਾ ਹੈ, ਜਿਸ ਦੇ ਚੱਲਦਿਆਂ ਹੇਠਲੀ ਮਿੱਟੀ ਦੀ ਸਟਰੈਂਥ ਹੋਰ ਮੈਦਾਨੀ ਮਿੱਟੀ ਨਾਲੋਂ ਘੱਟ ਹੁੰਦੀ ਹੈ ਅਤੇ ਕਈ ਤਰਾਂ ਦੀ ਲੈਬੋਰੇਟਰੀ ਟੈਸਟਿੰਗ ਦੀ ਜ਼ਰੂਰਤ ਰਹਿੰਦੀ ਹੈ ਤਾਂ ਜੋ ਪਾਈਪਲਾਈਨ ਕਾਰਨ ਨਹਿਰ ਨੂੰ ਕੋਈ ਨੁਕਸਾਨ ਨਾ ਪਹੁੰਚੇ | ਪ੍ਰੰਤੂ ਸੂਤਰਾਂ ਅਨੁਸਾਰ ਅਜਿਹੀ ਇਤਿਹਾਤ ਦੋਵੇਂ ਵਿਭਾਗਾਂ ਵਲੋਂ ਨਹੀਂ ਵਰਤੀ ਗਈ | ਦੂਸਰੇ ਪਾਸੇ ਨਹਿਰ ਦਾ ਇਹ ਪੁਲ ਨੀਵਾਂ ਹੋਣ ਕਾਰਨ ਅਕਸਰ ਪਾਣੀ ਦੀ ਡਾਫ ਲੱਗ ਜਾਂਦੀ ਸੀ ਅਤੇ ਨਹਿਰ ਦੀ ਲਾਈਨਿੰਗ ਲੀਕ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ, ਨੂੰ ਲੈ ਕੇ ਵਿਭਾਗ ਵਲੋਂ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਪੁਲ ਨੂੰ ਉੱਚਾ ਚੁਕਵਾਇਆ ਗਿਆ, ਜਿਸ 'ਤੇ 11 ਜੂਨ ਨੂੰ ਹੀ ਸਲੈਬ ਪਾਈ ਗਈ ਸੀ ਅਤੇ 12 ਜੂਨ ਦੀ ਸ਼ਾਮ ਨੂੰ ਨਹਿਰ 'ਚ ਪਾਣੀ ਆਉਣ 'ਤੇ 13 ਜੂਨ ਨੂੰ ਸਵੇਰੇ ਕਰੀਬ 3 ਵਜੇ ਨਹਿਰ 'ਚ ਪਾੜ ਪੈ ਗਿਆ, ਜਿਸ ਕਰ ਕੇ ਨਿਰਮਾਣ ਅਧੀਨ ਪੁਲ ਦੀ ਸ਼ਟਰਿੰਗ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਈ | ਮੌਕੇ 'ਤੇ ਜਾਇਜ਼ਾ ਲੈਣ ਮੁਤਾਬਿਕ ਪੁਲ ਹੇਠ ਕੁਝ ਸ਼ਟਰਿੰਗ ਦੀ ਸਪੋਰਟ ਨਹੀਂ ਲਗਾਈ ਗਈ ਸੀ ਜਦਕਿ ਪੁਲ ਦੇ ਵਿਚਾਲੇ ਬਣੀ ਇੱਟਾਂ ਦੀ ਬੁਰਜੀ ਵੀ ਦੋਵੇਂ ਸਾਈਡਾਂ ਤੋਂ ਨੁਕਸਾਨੀ ਹੋਈ ਹੈ ਅਤੇ ਪੁਲ ਹੇਠਲੇ ਬੈੱਡ ਨੂੰ ਵੀ ਨੁਕਸਾਨ ਪਹੁੰਚਿਆ ਹੈ | ਜੇਕਰ ਪੁਲ ਨੂੰ ਚਕੂ ਕਰਨ ਸਮੇਂ ਥੋੜ੍ਹੀ ਜਿਹੀ ਵੀ ਕੁਤਾਹੀ ਹੋਈ ਤਾਂ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ | ਸਿੰਚਾਈ ਵਿਭਾਗ ਦੇ ਐਸ.ਡੀ.ਓ. ਸਤਿਗੁਰ ਸਿੰਘ ਨੇ ਦੱਸਿਆ ਕਿ ਨਹਿਰ ਦੀ ਸੁਰੱਖਿਆ ਲਈ ਪੁਲ ਨੂੰ ਉੱਚਾ ਕੀਤਾ ਗਿਆ ਸੀ ਅਤੇ ਹੁਣ ਨਹਿਰ ਟੁੱਟਣ ਕਾਰਨ ਹੋਏ ਨੁਕਸਾਨ ਤੋਂ ਬਾਅਦ ਪੁਲ ਦੀ ਸਟਰੈਂਥ ਚੈੱਕ ਕਰਨ 'ਤੇ ਹੀ ਲੋਕਾਂ ਲਈ ਖੋਲਿ੍ਹਆ ਜਾਵੇਗਾ | ਉੱਧਰ ਨਗਰ ਪੰਚਾਇਤ ਵਲੋਂ ਪਾਈ ਪਾਈਪਲਾਈਨ ਨੂੰ ਚੈੱਕ ਕਰਨ ਲਈ ਕੀਤੀ ਖ਼ੁਦਾਈ ਤੋਂ ਕਰੀਬ 8 ਦਹਾਕੇ ਪੁਰਾਣਾ ਪੁਲ ਸਾਹਮਣੇ ਆਇਆ ਹੈ, ਜਿਸ ਦਾ ਸਰੂਪ ਅਤੇ ਮਜ਼ਬੂਤੀ ਹਾਲੇ ਵੀ ਧਿਆਨ ਖਿੱਚਦੀ ਹੈ | ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਪਾਈਪਲਾਈਨ ਪਾਉਣ ਸਮੇਂ ਇਹ ਪੁਰਾਣਾ ਪੁਲ ਵਿਚਕਾਰ ਆਇਆ ਹੋਵੇ, ਜਿਸ ਕਾਰਨ ਪਾਣੀ ਦੇ ਰਿਸਾਉ ਨਾਲ ਪਾੜ ਪਿਆ ਹੋਵੇ ਅਤੇ ਦੂਜੇ ਪਾਸੇ ਫ਼ਾਇਦਾ ਇਹ ਵੀ ਹੋਇਆ ਕਿ ਇਸ ਪੁਰਾਣੇ ਪੁਲ ਨੇ ਪਾੜ ਨੂੰ ਹੋਰ ਅੱਗੇ ਨਹੀਂ ਵਧਣ ਦਿੱਤਾ |
ਸਿੰਚਾਈ ਵਿਭਾਗ ਨੇ ਹਾਲੇ ਤੱਕ ਇਤਰਾਜ਼ਹੀਣਤਾ ਸਰਟੀਫਿਕੇਟ ਨਹੀਂ ਕੀਤਾ ਜਾਰੀ
ਉੱਧਰ ਵਿਭਾਗੀ ਸੂਤਰਾਂ ਅਨੁਸਾਰ ਨਗਰ ਪੰਚਾਇਤ ਵਲੋਂ ਨਹਿਰ ਹੇਠੋਂ ਪਾਈਪਲਾਈਨ ਲੰਘਾਉਣ ਲਈ ਭਾਵੇਂ ਸਿੰਚਾਈ ਵਿਭਾਗ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਲਈ ਫਾਈਲ ਭੇਜੀ ਹੋਈ ਹੈ ਪ੍ਰੰਤੂ ਹਾਲੇ ਤੱਕ ਸਿੰਚਾਈ ਵਿਭਾਗ ਨੇ ਨਗਰ ਪੰਚਾਇਤ ਨੂੰ ਐਨ.ਓ.ਸੀ. ਜਾਰੀ ਨਹੀਂ ਕੀਤੀ | ਇਸ ਸੰਬੰਧੀ ਸਿੰਚਾਈ ਵਿਭਾਗ ਦੇ ਜੇ.ਈ. ਸਾਹਿਲ ਕੁਮਾਰ ਨੇ ਦੱਸਿਆ ਕਿ ਨਗਰ ਪੰਚਾਇਤ ਨੇ ਸਿੰਚਾਈ ਵਿਭਾਗ ਦੇ ਦਫ਼ਤਰ ਇਤਰਾਜ਼ਹੀਣਤਾ ਸਰਟੀਫਿਕੇਟ ਲਈ ਫਾਈਲ ਭੇਜੀ ਹੋਈ ਹੈ ਪ੍ਰੰਤੂ ਹਾਲੇ ਤੱਕ ਫਾਈਲ ਵਿਭਾਗੀ ਵਿਚਾਰ ਅਧੀਨ ਹੈ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਖ਼ਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਅਪਗੇ੍ਰਡ ਕਰਨ ਦੀ ਮੰਗ <br/> ਅਗਲੀ ਖ਼ਬਰ ਜੈ ਮਾਂ ਮੰਦਰ ਵਿਖੇ ਚੱਲ ਰਹੀ ਭਗਵਤ ਕਥਾ ਦੀ ਸਮਾਪਤੀ
Ad Position 24