ਮਾਨਸਾ, 19 ਜੂਨ (ਧਾਲੀਵਾਲ)-ਗ਼ੈਰ-ਵਿੱਦਿਅਕ ਡਿਊਟੀਆਂ ਤੇ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ‘ਚੋਂ ਬਾਹਰ ਰੱਖਣ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਪੰਜਾਬ ਸਰਕਾਰ ਦੇ ਨਾਂਅ ਮੰਗ-ਪੱਤਰ ਭੇਜਿਆ ਗਿਆ। ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਤੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਰਾਜ ਦੇ 17 ਹਜ਼ਾਰ ਤੋ ਵੱਧ ਅਧਿਆਪਕਾਂ ਨੂੰ ਬੀ. ਐਲ. �. ਦੀਆਂ ਡਿਊਟੀਆਂ ‘ਚ ਉਲਝਾ ਕੇ ਐਸ. ਆਈ. ਆਰ. ਸਰਵੇ ਕਰਨ ਲਈ ਸਕੂਲਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜੋ ਆਉਣ ਵਾਲੇ ਮਹੀਨਿਆਂ ‘ਚ ਘਰ-ਘਰ ਜਾ ਕੇ ਵੋਟਰਾਂ ਦੇ ਫਾਰਮ ਭਰਨਗੇ। ਇਸੇ ਤਰ੍ਹਾਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਨਾਂਅ ‘ਤੇ ਵੀ ਲਗਪਗ 20 ਹਜ਼ਾਰ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ‘ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ ਤਾਂ ਲਗਪਗ 2 ਮਹੀਨਿਆਂ ਲਈ ਹਜ਼ਾਰਾਂ ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ‘ਚ ਲਗਾ ਦਿੱਤੀਆਂ ਜਾਣਗੀਆਂ। ਇਸ ਮੌਕੇ ਨਵੀਨ ਬੋਹਾ, ਸ਼ਮਸ਼ੇਰ ਸਿੰਘ ਦਸੋਧੀਆ, ਕੁਲਦੀਪ ਸਿੰਘ ਅੱਕਾਂਵਾਲੀ, ਦਵਿੰਦਰ ਸਿੰਘ ਫਰਿਦਕੇ, ਭੁਪਿੰਦਰ ਸਿੰਘ ਬੋਹਾ, ਰਾਜ ਸਿੰਘ ਸੇਠੀ ਆਦਿ ਹਾਜ਼ਰ ਸਨ।