ਮਾਨਸਾ, 19 ਜੂਨ (ਸ.ਰਿ.)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਅੰਤਰਰਾਸ਼ਟਰੀ ਯੋਗ ਦਿਵਸ’ 21 ਜੂਨ ਨੂੰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਪੂਨਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਸੈਂਟਰਲ ਪਾਰਕ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮ ਵਾਲੀ ਥਾਂ ‘ਤੇ ਸਫ਼ਾਈ, ਪੀਣ ਵਾਲੇ ਸਾਫ਼ ਪਾਣੀ, ਮੈਡੀਕਲ ਟੀਮਾਂ ਸਮੇਤ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਕਸਰਤ ਹੀ ਨਹੀਂ ਸਗੋਂ ਸਰੀਰ, ਮਨ ਤੇ ਆਤਮਾ ਦੇ ਆਪਸੀ ਤਾਲਮੇਲ ਦਾ ਵਿਗਿਆਨ ਵੀ ਹੈ, ਜਿਸ ਨਾਲ ਸਰੀਰ ਨਿਰੋਗ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਸਵੇਰੇ 6:15 ਵਜੇ ਸੈਂਟਰਲ ਪਾਰਕ ਵਿਖੇ ਪਹੁੰਚ ਕੇ ਯੋਗ ਦਿਵਸ ਦਾ ਹਿੱਸਾ ਬਣਨ।