ਜੋਗਾ, 24 ਜੂਨ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਸਥਾਨਕ ਥਾਣੇ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਨੇ ਦੱਸਿਆ ਪਿੰਡ ਅਕਲੀਆ ਦੇ ਕਿਸਾਨ ਚਮਕੌਰ ਸਿੰਘ ’ਤੇ ਪਿੰਡ ਤਪਾ ਮੰਡੀ ਦੇ ਆੜ੍ਹਤੀਏ ਤੋਂ ਪੈਸੇ ਲੈਣ ਲਈ ਦਰਖਾਸਤ ਦਿੱਤੀ ਗਈ ਸੀ। ਇਸ ਸੰਬੰਧੀ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਸਮਝੌਤਾ ਕਰਵਾ ਦਿੱਤਾ ਸੀ ਪਰ ਥਾਣਾ ਮੁਖੀ ਕਿਸਾਨ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ। ਉਨ੍ਹਾਂ ਦੱਸਿਆ ਕਿ ਕੱਲ੍ਹ ਕਿਸਾਨ ਨੂੰ ਥਾਣੇ ’ਚ ਬੁਲਾ ਕੇ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਉਪਰੰਤ ਸਵੇਰੇ ਸੜਕ ਜਾਮ ਕਰਨ ਦਾ ਐਲਾਨ ਕੀਤਾ ਗਿਆ, ਜਿਸ ’ਤੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਅਤੇ ਸੀ.ਆਈ. ਸਟਾਫ਼ ਦੇ ਇੰਚਾਰਜ ਬਲਕੌਰ ਸਿੰਘ ਨੇ ਕਿਸਾਨ ਨੂੰ ਆਗੂਆਂ ਦੇ ਹਵਾਲੇ ਕੀਤਾ ਅਤੇ ਆੜ੍ਹਤੀਏ ਖ਼ਿਲਾਫ਼ ਪਰਚਾ ਦਰਜ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਰੋਸ ’ਚ ਪੁਤਲਾ ਵੀ ਸਾੜਿਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ 29 ਜੂਨ ਤੱਕ ਪਰਚਾ ਦਰਜ ਨਾ ਕੀਤਾ ਗਿਆ ਤਾਂ ਮੁੜ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਮਨਜੀਤ ਸਿੰਘ ਉੱਲਕ, ਰਾਜ ਸਿੰਘ ਅਕਲੀਆ, ਹਰਦੇਵ ਸਿੰਘ, ਬਲਜੀਤ ਸਿੰਘ, ਰਾਜਪਾਲ ਸਿੰਘ, ਸ਼ਿੰਦਰਪਾਲ ਕੌਰ, ਕੁਲਵਿੰਦਰ ਕੌਰ, ਬਲਜੀਤ ਸਿੰਘ, ਕਾਕਾ ਸਿੰਘ ਭੈਣੀਬਾਘਾ ਆਦਿ ਹਾਜ਼ਰ ਸਨ।