ਮਾਨਸਾ, 25 ਜੂਨ (ਰਾਵਿੰਦਰ ਸਿੰਘ ਰਵੀ)- ਖ਼ਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਸੀ.ਐਚ.ਸੀ. ਤੋਂ ਟਰੋਮਾ ਸੈਂਟਰ ਬਣਾਉਣ ਦੀ ਮੰਗ ਪਿੰਡਾਂ ਦੀਆਂ ਸੱਥਾਂ, ਧਾਰਮਿਕ ਸਥਾਨਾਂ ਅਤੇ ਜਨਤਕ ਇਕੱਠਾਂ ’ਚ ਵੀ ਗੂੰਜਣ ਲੱਗ ਪਈ ਹੈ। ਲੋਕ ਵਲੋਂ ਵੱਖ-ਵੱਖ ਥਾਵਾਂ ’ਤੇ ਕੀਤੀਆਂ ਜਾ ਰਹੀਆਂ ਇਕੱਤਰਤਾਵਾਂ ’ਚ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਪਦ ਉੱਨਤ ਕਰ ਕੇ ਬਲੱਡ ਬੈਂਕ ਵਰਗੀਆਂ ਸੁਵਿਧਾਵਾਂ ਸਮੇਤ 24 ਘੰਟੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਖ਼ਿਆਲਾ ਕਲਾਂ ਸੀ.ਐਚ.ਸੀ. ਅਪਗ੍ਰੇਡ ਸੰਘਰਸ਼ ਕਮੇਟੀ ਵਲੋਂ ਸਥਾਨਕ ਗੁਰਦੁਆਰਾ ਬੇਰੀ ਸਾਹਿਬ, ਰਵਿਦਾਸ ਮੰਦਰ, ਪਿੰਡ ਮਲਕਪੁਰ ਦੇ ਗੁਰਦੁਆਰਾ ਸਾਹਿਬ ਅਤੇ ਖ਼ਿਆਲਾ ਖ਼ੁਰਦ ਦੇ ਗੁਰਦੁਆਰਾ ਤੀਰ ਸਰ ਸਾਹਿਬ ਵਿਖੇ ਇਕੱਤਰਤਾ ਹੋਈ। ਸੰਘਰਸ਼ ਕਮੇਟੀ ਦੇ ਆਗੂ ਹੰਸ ਰਾਜ ਮੋਫਰ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਬਠਿੰਡਾ-ਮਾਨਸਾ-ਪਟਿਆਲਾ ਮੁੱਖ ਸੜਕ ’ਤੇ 130 ਕਿੱਲੋਮੀਟਰ ਦੇ ਵਕਫ਼ੇ ’ਚ ਹਾਦਸਿਆਂ ਦਾ ਸ਼ਿਕਾਰ ਬਣਦੇ ਰਾਹਗੀਰਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਇੱਕ ਵੀ ਸਰਕਾਰੀ ਹਸਪਤਾਲ ਨਹੀਂ ਹੈ। ਜਗਸੀਰ ਸਿੰਘ ਮਲਕਪੁਰ ਨੇ ਕਿਹਾ ਕਿ 1974 ’ਚ ਤਤਕਾਲੀ ਮੰਤਰੀ ਬਲਦੇਵ ਸਿੰਘ ਖ਼ਿਆਲਾ ਦੇ ਉੱਦਮਾਂ ਸਦਕਾ ਪਿੰਡ ਦੀ 9 ਏਕੜ ਜ਼ਮੀਨ ’ਚ ਹਸਪਤਾਲ ਦੀ ਉਸਾਰੀ ਕੀਤੀ ਗਈ ਸੀ, ਦੀ ਚੰਗੀ ਕਾਰਗੁਜ਼ਾਰੀ ਨੂੰ ਵੇਖਦਿਆਂ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਵੱਡੇ ਸਨਮਾਨ ਵੀ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ ਪਦ ਉੱਨਤ ਕਰਨ ਲਈ 5 ਤੋਂ ਵੱਧ ਵਾਰ ਕਾਗ਼ਜ਼ੀ ਕਾਰਵਾਈਆਂ ਵੀ ਅਰੰਭੀਆਂ ਗਈਆਂ ਸਨ ਪਰ ਮਸਲਾ ਹੱਲ ਨਹੀਂ ਹੋਇਆ। ਡਾ. ਬਿੱਕਰ ਸਿੰਘ, ਲਖਵੀਰ ਸਿੰਘ, ਸਰਪੰਚ ਬਲਵਿੰਦਰ ਸਿੰਘ ਅਤੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ 72 ਪਿੰਡਾਂ ਦੇ ਸੈਂਕੜੇ ਮਰੀਜ਼ ਰੋਜ਼ਾਨਾ ਹਸਪਤਾਲ ’ਚ ਪਹੁੰਚਦੇ ਹਨ ਪਰ 1-2 ਰੋਗਾਂ ਦੇ ਇਲਾਜ ਬਿਨਾਂ ਹੋਰ ਕੋਈ ਸਹੂਲਤ ਨਾ ਮਿਲਣ ਕਰ ਕੇ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਿਹਤ ਸਹੂਲਤਾਂ ਦਾ ਵਿਸਥਾਰ ਅਤੇ ਹਸਪਤਾਲ ਨੂੰ ਤੁਰੰਤ ਪਦ ਉੱਨਤ ਕੀਤਾ ਜਾਵੇ। ਇਸ ਮੌਕੇ ਮਲਕਪੁਰ ਪਿੰਡ ਦੇ ਸਰਪੰਚ ਅਵਤਾਰ ਸਿੰਘ, ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ, ਬਲਾਕ ਸੰਮਤੀ ਮੈਂਬਰ ਸਵਰਨ ਸਿੰਘ, ਸੁਖਦੀਪ ਸਿੰਘ ਸੁੱਖੀ ਖ਼ਿਆਲਾ, ਜੀਵਨ ਕੁਮਾਰ ਗੋਇਲ, ਡਾ. ਗੁਰਦੇਵ ਸਿੰਘ, ਅਵਤਾਰ ਸਿੰਘ, ਮੰਦਰ ਸਿੰਘ, ਨਛੱਤਰ ਸਿੰਘ, ਗੁਰਤੇਜ ਸਿੰਘ, ਹਾਕਮ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
ਖ਼ਿਆਲਾ ਕਲਾਂ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਲੈ ਕੇ ਹੋਣ ਲੱਗੇ ਜਨਤਕ ਇਕੱਠ
ਅਜੀਤ ਡੈਸਕ
26-06-2026