ਜਲੰਧਰ, 25 ਜੂਨ (ਜਸਪਾਲ ਸਿੰਘ)-ਖਾਲਸਾ ਏਡ ਦੇ ਸਹਿਯੋਗ ਨਾਲ ਚੱਲ ਰਹੀ ਗੁਰਮਤਿ ਸੰਗੀਤ ਅਕੈਡਮੀ ਮਾਨਸਾ ਦਾ ਤੀਜਾ ਸਲਾਨਾ ਸਮਾਗਮ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਰੰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ, ਮਾਪੇ ਅਤੇ ਇਲਾਕਾ ਵਾਸੀ ਹਾਜ਼ਰ ਹੋਏ। ਸਮਾਗਮ ਦੌਰਾਨ ਬੱਚਿਆਂ ਨੇ ਕੀਰਤਨ, ਗੁਰਬਾਣੀ ਗਾਇਨ ਅਤੇ ਗੁਰਮਤਿ ਸੰਗੀਤ ਦੀਆਂ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਹਾਜ਼ਰ ਸੰਗਤਾਂ ਵੱਲੋਂ ਭਰਪੂਰ ਸਰਾਹਨਾ ਮਿਲੀ। ਖਾਲਸਾ ਏਡ ਦੇ ਸੀਨੀਅਰ ਆਗੂ ਲਖਵੀਰ ਸਿੰਘ ਰਿੰਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਤਿ ਸੰਗੀਤ ਅਕੈਡਮੀ ਖਾਲਸਾ ਏਡ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਤੇ ਇਸ ਵਿੱਚ 80 ਤੋਂ ਵੱਧ ਬੱਚੇ ਕੀਰਤਨ, ਗੁਰਬਾਣੀ ਅਤੇ ਗੁਰਮਤਿ ਸੰਗੀਤ ਦੀ ਸਿੱਖਿਆ ਹਾਸਲ ਕਰ ਰਹੇ ਹਨ। ਬੱਚਿਆਂ ਨੂੰ ਤਬਲਾ, ਹਰਮੋਨੀਅਮ ਅਤੇ ਹੋਰ ਰਵਾਇਤੀ ਸਾਜਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਕੈਡਮੀ ਦੇ ਇੰਚਾਰਜ ਸੁਖਵਿੰਦਰ ਸਿੰਘ ਮਾਨਸਾ ਹਨ ਅਤੇ ਅਕਾਲ ਅਕੈਡਮੀ ਦੇ ਅਧਿਆਪਕ ਨਿਯਮਿਤ ਤੌਰ ‘ਤੇ ਬੱਚਿਆਂ ਨੂੰ ਸੰਗੀਤ ਅਤੇ ਗੁਰਬਾਣੀ ਦੀ ਸਿੱਖਿਆ ਦੇਣ ਲਈ ਆਉਂਦੇ ਹਨ। ਲਖਵੀਰ ਸਿੰਘ ਰਿੰਪਾ ਨੇ ਦੱਸਿਆ ਕਿ ਖਾਲਸਾ ਏਡ ਵੱਲੋਂ ਗੁਰਮਤਿ ਸੰਗੀਤ ਅਕੈਡਮੀ ਨੂੰ ਸਿਰਫ਼ ਸੰਗੀਤਕ ਸਾਜ ਹੀ ਨਹੀਂ, ਸਗੋਂ ਅਕੈਡਮੀ ਦੀਆਂ ਹੋਰ ਲੋੜੀਂਦੀਆਂ ਜ਼ਰੂਰਤਾਂ ਨੂੰ ਵੀ ਸਮੇਂ-ਸਮੇਂ ਅਨੁਸਾਰ ਪੂਰਾ ਕੀਤਾ ਜਾਂਦਾ ਹੈ। ਲਖਵੀਰ ਸਿੰਘ ਰਿੰਪਾ ਨੇ ਕਿਹਾ ਕਿ ਖਾਲਸਾ ਏਡ ਦਾ ਉਦੇਸ਼ ਸਿਰਫ਼ ਮਨੁੱਖਤਾ ਦੀ ਸੇਵਾ ਤੱਕ ਸੀਮਿਤ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਵੀ ਹੈ ।
ਖਾਲਸਾ ਏਡ ਦੇ ਸਹਿਯੋਗ ਨਾਲ ਚੱਲ ਰਹੀ ਗੁਰਮਤਿ ਸੰਗੀਤ ਅਕੈਡਮੀ ਦਾ ਸਾਲਾਨਾ ਸਮਾਗਮ
ਅਜੀਤ ਡੈਸਕ
26-06-2026