ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਖੋਖਲੇ ਸਾਬਤ ਹੋਏ
ਮਾਨਸਾ/ਭੀਖੀ, 30 ਜੂਨ (ਰਾਵਿੰਦਰ ਸਿੰਘ ਰਵੀ/ਬਲਕਾਰ ਸਿੰਘ ਸਹੋਤਾ)- ਮਾਨਸਾ ਜ਼ਿਲ੍ਹੇ ’ਚ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਨੇ ਲੋਕਾਂ ਦੇ ਵੱਟ ਕੱਢ ਰੱਖੇ ਹਨ । ਪਿਛਲੇ ਕਈ ਦਿਨਾਂ ਤੋਂ ਤਾਪਮਾਨ ਦਾ ਪਾਰਾ ਸਿਖਰ ਚੜ੍ਹਿਆ ਹੋਇਆ ਹੈ ਅਤੇ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਹਰ ਰੋਜ਼ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ‘ਚ ਬਿਜਲੀ ਦੀ ਖਪਤ ਪੂਰੀ ਕਰਨ ਲਈ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਸਵੇਰ ਅਤੇ ਰਾਤ ਸਮੇਂ ਵੀ ਬਿਜਲੀ ਸਪਲਾਈ ਠੱਪ ਰਹਿੰਦੀ ਹੈ। ਮੁੱਖ ਮੰਤਰੀ ਪੰਜਾਬ ਵਲੋਂ ਜਨਤਕ ਇਕੱਠਾਂ ‘ਚ ਕਿਹਾ ਜਾਂਦਾ ਸੀ ਕਿ ‘ਆਪ’ ਸਰਕਾਰ ਦੇ ਕਾਰਜਕਾਲ ‘ਚ ਬਿਜਲੀ ਜਾਣੀ ਤਾਂ ਦੂਰ ਦੀ ਗੱਲ ਸਗੋਂ ਝਮੱਕਾ ਵੀ ਨਹੀਂ ਮਾਰੇਗੀ ਪਰ ਹੁਣ ਬਿਜਲੀ ਦੇ ਲੰਬੇ ਕੱਟਾਂ ਨੇ ਇਹ ਦਾਅਵਾ ਠੁੱਸ ਕਰ ਦਿੱਤਾ ਹੈ। ਸਰਕਾਰ ਵਲੋਂ ਕਿਸਾਨਾਂ ਨੂੰ ਵੀ ਝੋਨੇ ਦੀ ਲਵਾਈ ਲਈ ਪੂਰੇ 8 ਘੰਟੇ ਬਿਜਲੀ ਸਪਲਾਈ ਨਿਰਵਿਘਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਕਿਸਾਨਾਂ ਨੂੰ ਸਿਰਫ਼ 5 ਘੰਟੇ ਹੀ ਬਿਜਲੀ ਮਿਲਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਜ਼ਿਆਦਾ ਹੋਣ ਕਾਰਨ ਜ਼ਮੀਨ ਪਾਣੀ ਜਲਦੀ ਸੋਖ ਲੈਂਦੀ ਹੈ, ਜਿਸ ਕਰ ਕੇ ਖੇਤਾਂ ‘ਚ ਪਾਣੀ ਖੜ੍ਹਾ ਕਰਨਾ ਅਸੰਭਵ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਪੂਰੀ ਮਿਲੇ ਤਾਂ ਹੀ ਝੋਨੇ ਦੀ ਲਵਾਈ ਸਮੇਂ ਸਿਰ ਪੂਰੀ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਪੂਰੀ ਨਾ ਦਿੱਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਭੀਖੀ- ਕਸਬੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਬਿਜਲੀ ਦੇ ਲੰਬੇ ਕੱਟਾਂ ਨੇ ਜਿੱਥੇ ਪੰਜਾਬ ਸਰਕਾਰ ਵਲੋਂ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਉੱਥੇ ਲੋਕਾਂ ਦੀਆਂ ਮੁਸ਼ਕਿਲਾਂ ਕਈ ਗੁਣਾ ਵਧਾ ਦਿੱਤੀਆਂ ਹਨ। ਇੱਕ ਪਾਸੇ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਦੂਜੇ ਪਾਸੇ ਬਿਜਲੀ ਦੀ ਅੱਖ-ਮਿਚੌਲੀ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਦਿਨ ਅਤੇ ਰਾਤ ਦੇ ਸਮੇਂ ਕਈ-ਕਈ ਘੰਟਿਆਂ ਤੱਕ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਭਿਆਨਕ ਗਰਮੀ ਅਤੇ ਹੁੰਮਸ ਕਾਰਨ ਘਰਾਂ ਅੰਦਰ ਰਹਿਣਾ ਵੀ ਔਖਾ ਹੋ ਗਿਆ ਹੈ । ਬਿਜਲੀ ਨਾ ਹੋਣ ਕਾਰਨ ਪੱਖੇ, ਕੂਲਰ, ਫ਼ਰਿਜ, ਮੋਟਰ, ਏ. ਸੀ. ਅਤੇ ਹੋਰ ਜ਼ਰੂਰੀ ਬਿਜਲੀ ਉਪਕਰਨ ਬੰਦ ਪਏ ਰਹਿੰਦੇ ਹਨ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਦੇ ਸਮੇਂ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਲੋਕਾਂ ਦੀ ਨੀਂਦ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕ ਰਾਤਾਂ ਜਾਗ ਕੇ ਕੱਟਣ ਲਈ ਮਜਬੂਰ ਹੋ ਰਹੇ ਹਨ। ਬਿਜਲੀ ਦੀ ਸਮੱਸਿਆ ਦਾ ਅਸਰ ਸਿਰਫ਼ ਘਰਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਇਸ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਕਈ ਵਪਾਰੀਆਂ ਨੇ ਦੱਸਿਆ ਕਿ ਬਿਜਲੀ ਦੀ ਅਣਉਪਲਬਧਤਾ ਕਾਰਨ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਜ ‘ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਮੰਗ ਵਧਣ ਕਾਰਨ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ ਪਰ ਸਬੰਧਿਤ ਵਿਭਾਗ ਵਲੋਂ ਇਸ ਦੇ ਹੱਲ ਲਈ ਕੋਈ ਢੁਕਵੇਂ ਪ੍ਰਬੰਧ ਨਜ਼ਰ ਨਹੀਂ ਆ ਰਹੇ। ਭੀਖੀ ਕਸਬੇ ਦੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਨੂੰ ਜਲਦ ਤੋਂ ਜਲਦ ਸੁਚਾਰੂ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਭਿਆਨਕ ਗਰਮੀ ਤੋਂ ਰਾਹਤ ਮਿਲ ਸਕੇ। ਵਾਰਡ ਨੰ. 5 ਅਤੇ 6 ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਨਜ਼ਦੀਕ ਟਰਾਂਸਫ਼ਾਰਮਰ ‘ਚ ਨੁਕਸ ਪੈਣ ਨਾਲ ਲੋਕ ਸਾਰੀ ਰਾਤ ਬਿਜਲੀ ਲਈ ਤੜਫਦੇ ਰਹੇ, ਜਿਸ ਦੀ ਮੁਰੰਮਤ ਅੱਜ ਦੁਪਹਿਰ ਤੱਕ ਕੀਤੀ ਗਈ। ਉੱਧਰ ਉਪ ਮੰਡਲ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਬਿਜਲੀ ਕੱਟ ਪਾਵਰਕਾਮ ਵਲੋਂ ਤੈਅ ਪ੍ਰੋਗਰਾਮ ਅਨੁਸਾਰ ਹੀ ਲਗਾਏ ਜਾਂਦੇ ਹਨ ਅਤੇ ਜ਼ਿਆਦਾ ਗਰਮੀ ਕਾਰਨ ਜਿੱਥੇ ਵੀ ਲਾਈਨ ਜਾਂ ਟਰਾਂਸਫ਼ਾਰਮਰ ‘ਤੇ ਨੁਕਸ ਪੈਂਦਾ ਹੈ, ਨੂੰ ਠੀਕ ਕਰਨ ਲਈ ਮਹਿਕਮਾ ਦਿਨ-ਰਾਤ ਕੰਮ ਕਰ ਰਿਹਾ ਹੈ।
ਮਾਨਸਾ ਜ਼ਿਲ੍ਹੇ ’ਚ ਬਿਜਲੀ ਦੇ ਲੰਬੇ ਕੱਟਾਂ ਨੇ ਲੋਕਾਂ ਦੇ ਕੱਢੇ ਵੱਟ
ਅਜੀਤ ਡੈਸਕ
01-07-2026