ਬਰੇਟਾ, 30 ਜੂਨ (ਪਾਲ ਸਿੰਘ ਮੰਡੇਰ)- ਆਲ ਇੰਡੀਆ ਸੈਣੀ ਸਮਾਜ ਸੇਵਾ ਦੀ ਮੀਟਿੰਗ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਲਵਲੀਨ ਸਿੰਘ ਸੈਣੀ ਦੀ ਅਗਵਾਈ ਹੇਠ ਕੁੱਲਰੀਆਂ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ‘ਚ ਸੈਣੀ ਸਮਾਜ ਦੇ ਲੋਕਾਂ ਨੇ ਭਾਗ ਲਿਆ। ਇਸ ਦੌਰਾਨ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ‘ਚ ਜਰਨੈਲ ਸਿੰਘ ਸੈਣੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜਸਵੀਰ ਸਿੰਘ ਜੱਸੀ ਨੂੰ ਉਪ ਪ੍ਰਧਾਨ ਚੁਣਿਆ ਗਿਆ। ਲਵਲੀਨ ਸਿੰਘ ਸੈਣੀ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੈਣੀ ਸਮਾਜ ਦੀ ਤਾਕਤ ਉਸ ਦੀ ਏਕਤਾ ਅਤੇ ਸੰਗਠਨ ‘ਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਸਮੂਹ ਸੈਣੀ ਭਾਈਚਾਰੇ ਨੂੰ ਇੱਕ ਮੰਚ ‘ਤੇ ਇਕੱਠੇ ਹੋ ਕੇ ਸਮਾਜਿਕ, ਵਿੱਦਿਅਕ ਅਤੇ ਭਲਾਈ ਦੇ ਕਾਰਜਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਉੱਜਵਲ ਭਵਿੱਖ ਲਈ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਇਮਾਨਦਾਰੀ, ਸਮਰਪਣ ਅਤੇ ਸੇਵਾ ਭਾਵਨਾ ਨਾਲ ਕੰਮ ਕਰਨਾ ਹਰ ਮੈਂਬਰ ਦਾ ਫ਼ਰਜ਼ ਹੈ। ਇਸ ਮੌਕੇ ਜਸਵੀਰ ਸੈਣੀ ਜੱਸੀ, ਪ੍ਰਿੰਸੀਪਲ ਹਰਜੀਤ ਸਿੰਘ ਸੈਣੀ, ਈਸ਼ਵਰ ਸਿੰਘ ਭੁਲਣ, ਗਿਆਨ ਸਿੰਘ ਸੈਣੀ, ਮੁਕੇਸ਼ ਸੈਣੀ, ਭਪਿੰਦਰ ਸੈਣੀ, ਬਲਵਿੰਦਰ ਸਿੰਘ ਸੈਣੀ, ਹਰਵਿੰਦਰ ਸਿੰਘ ਕੁੱਲਰੀਆਂ ਆਦਿ ਹਾਜ਼ਰ ਸਨ।
ਜਰਨੈਲ ਸਿੰਘ ਕੁੱਲਰੀਆਂ ਆਲ ਇੰਡੀਆ ਸੈਣੀ ਸਮਾਜ ਸੇਵਾ ਦੇ ਜ਼ਿਲ੍ਹਾ ਪ੍ਰਧਾਨ ਚੁਣੇ
ਅਜੀਤ ਡੈਸਕ
01-07-2026