ਬੁਢਲਾਡਾ, 6 ਜੁਲਾਈ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਐਨ. ਸੀ. ਸੀ. ਦੇ ਤਹਿਤ ਏਅਰ ਫੋਰਸ ‘ਚੋਂ 15 ਵਿਦਿਆਰਥੀ, ਨੇਵੀ ‘ਚੋਂ 18 ਅਤੇ ਆਰਮੀ ਵਿੰਗ ‘ਚੋਂ 15 ਵਿਦਿਆਰਥੀਆਂ ਨੇ ‘ਏ’ ਸਰਟੀਫਿਕੇਟ ਹਾਸਲ ਕਰ ਕੇ ਆਪਣੀ ਸੇਵਾ ਭਾਵਨਾ, ਅਨੁਸ਼ਾਸਨ ਅਤੇ ਨੇਤ੍ਰਤਵ ਦੀ ਯੋਗਤਾ ਦਾ ਪ੍ਰਮਾਣ ਦਿੱਤਾ। ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪਣ ਦੀ ਗਵਾਹੀ ਦਿੰਦੀ ਹੈ। ਸਕੂਲ ਚੇਅਰਮੈਨ ਭਾਰਤ ਭੂਸ਼ਣ ਗੁਪਤਾ ਨੇ ਕੈਡਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਐਨ. ਸੀ. ਸੀ. ਵਰਗੀਆਂ ਯੋਜਨਾਵਾਂ ਨੌਜਵਾਨਾਂ ‘ਚ ਜ਼ਿੰਮੇਵਾਰੀ ਅਤੇ ਰਾਸ਼ਟਰ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਸਕੂਲ ਦੇ ਸੀ. ਬੀ. ਐਸ. ਈ. ਵਿੰਗ ਦੇ ਪ੍ਰਿੰਸੀਪਲ ਓਮੇਸ਼ ਗਰਗ ਤੇ ਪੀ. ਐਸ. ਈ. ਬੀ. ਵਿੰਗ ਦੇ ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਸਰਟੀਫਿਕੇਟ ਵੰਡੇ। ਉਨ੍ਹਾਂ ਕਿਹਾ ਕਿ ਮਨੂ ਵਾਟਿਕਾ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਿਹਾ ਹੈ ਅਤੇ ਸਿੱਖਿਆ ਦੇ ਨਾਲ-ਨਾਲ ਐਨ. ਸੀ. ਸੀ., ਖੇਡਾਂ ਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ‘ਚ ਲੀਡਰਸ਼ਿਪ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਇਸ ਮੌਕੇ ਏ. ਐਨ. ਓ. (ਆਰਮੀ) ਰਾਜੇਸ਼ ਕੁਮਾਰ, ਏ. ਐਨ. ਓ. (ਏਅਰ ਫੋਰਸ) ਗੁਰਪ੍ਰੀਤ ਸਿੰਘ ਅਤੇ ਸੀ. ਟੀ. ਓ. (ਨੇਵੀ) ਪਰਦੀਪ ਸਿੰਘ ਆਦਿ ਹਾਜ਼ਰ ਸਨ।
ਮਨੂ ਵਾਟਿਕਾ ਸਕੂਲ ਦੇ 48 ਵਿਦਿਆਰਥੀਆਂ ਨੇ ਐਨ.ਸੀ.ਸੀ. ‘ਏ’ ਸਰਟੀਫਿਕੇਟ ਕੀਤੇ ਹਾਸਿਲ
ਅਜੀਤ ਡੈਸਕ
07-07-2026