ਮਾਨਸਾ, 7 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਵੋਟਰ ਸੂਚੀ ਦੀ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (ਐਸ. ਆਈ .ਆਰ.) ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਨਵਜੋਤ ਕੌਰ ਵਲੋਂ ਜ਼ਿਲ੍ਹੇ ਨਾਲ ਸਬੰਧਿਤ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਗਈ ਹੈ। ਇਸ ਪ੍ਰਕਿਰਿਆ ਤੋਂ ਬਾਅਦ ਜ਼ਿਲ੍ਹੇ ‘ਚ 5 ਨਵੇਂ ਪੋਲਿੰਗ ਸਟੇਸ਼ਨਾਂ ਦਾ ਵਾਧਾ ਹੋਇਆ ਹੈ, ਜਿਸ ਤਹਿਤ ਮਾਨਸਾ ਵਿਖੇ 4 ਅਤੇ ਸਰਦੂਲਗੜ੍ਹ ‘ਚ 1 ਪੋਲਿੰਗ ਸਟੇਸ਼ਨ ਨਵਾਂ ਸਥਾਪਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਤਕਨੀਕੀ ਅਤੇ ਭੂਗੋਲਿਕ ਕਾਰਨਾਂ ਕਰ ਕੇ 14 ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਨੂੰ ਤਬਦੀਲ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ‘ਚ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਵੋਟਰਾਂ ਤੋਂ ਗਣਨਾ ਫਾਰਮ ਭਰਵਾ ਰਹੇ ਹਨ। ਇਹ ਪ੍ਰਕਿਰਿਆ 24 ਜੁਲਾਈ ਤੱਕ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਜ ‘ਚ ਆਪਣੇ ਬੂਥ ਲੈਵਲ ਏਜੰਟਾਂ ਰਾਹੀਂ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਕਰਨ ਨੂੰ ਯਕੀਨੀ ਬਣਾਉਣ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 3 ਅਗਸਤ ਤੋਂ 2 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਲਏ ਜਾਣਗੇ। ਉਨ੍ਹਾਂ ਆਖਿਆ ਕਿ ਕੋਈ ਵੀ ਯੋਗ ਨਾਗਰਿਕ ਆਪਣੀ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਸਕਦਾ ਹੈ। ਉਨ੍ਹਾਂ ਦੁਹਰਾਇਆ ਕਿ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਹਰ ਇਕ ਯੋਗ ਨਾਗਰਿਕ ਦੀ ਵੋਟ ਲਾਜ਼ਮੀ ਬਣੇ ਅਤੇ ਵੋਟਰ ਸੂਚੀ ਨੂੰ ਸ਼ੁੱਧ ਰੱਖਣ ਲਈ ਕਿਸੇ ਵੀ ਅਯੋਗ ਵਿਅਕਤੀ ਦੀ ਵੋਟ ਸੂਚੀ ‘ਚ ਦਰਜ ਨਾ ਹੋ ਸਕੇ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ, ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਆਦਿ ਹਾਜ਼ਰ ਸਨ।
ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਮਾਨਸਾ ਜ਼ਿਲ੍ਹੇ ’ਚ 5 ਨਵੇਂ ਪੋਲਿੰਗ ਸਟੇਸ਼ਨਾਂ ਦਾ ਹੋਇਆ ਵਾਧਾ
ਅਜੀਤ ਡੈਸਕ
08-07-2026