ਭੁੱਚੋ ਮੰਡੀ, 8 ਜੁਲਾਈ (ਬਿੱਕਰ ਸਿੰਘ ਸਿੱਧੂ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ ਮਹੱਤਵਪੂਰਨ ਮੀਟਿੰਗ ਭੁੱਚੋ ਮੰਡੀ ਦੀ ਪੰਚਾਇਤੀ ਧਰਮਸ਼ਾਲਾ ਵਿਖੇ ਭਾਜਪਾ ਭੁੱਚੋ ਮੰਡਲ ਦੇ ਪ੍ਰਧਾਨ ਵਿਸ਼ਾਲ ਮਹੇਸ਼ਵਰੀ ਅਤੇ ਜ਼ਿਲ੍ਹਾ ਉਪ ਪ੍ਰਧਾਨ ਰਾਜੀਵ ਟੀਨੂੰ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ, ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਸੂਬਾ ਕਾਰਜਕਾਰਨੀ ਮੈਂਬਰ ਵਿਨੋਦ ਬਿੰਟਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ਵਿਚ ਬੂਥ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ, ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਬਾਰੇ ਵਿਸਥਾਰ-ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ‘ਤੇ ਸਾਬਕਾ ਕਾਂਗਰਸੀ ਮੰਤਰੀ ਗੁਲਜ਼ਾਰ ਸਿੰਘ ਦੇ ਪੁੱਤਰ ਐਡਵੋਕੇਟ ਚਰਨਜੀਤ ਸਿੰਘ ਦੀ ਅਗਵਾਈ ਹੇਠ ਕਈ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋਏ, ਜੋ ਕੁਝ ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਿਲ ਹੋਏ ਸਨ। ਪਾਰਟੀ ਦੇ ਸੀਨੀਅਰ ਆਗੂਆਂ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਪਾਰਟੀ ਗਮਸ਼ੇ ਪਹਿਨਾ ਕੇ ਸਵਾਗਤ ਕੀਤਾ। ਇਸ ਸਮਾਗਮ ਵਿਚ ਹਲਕਾ ਇੰਚਾਰਜ ਕੁਲਰਾਜ ਸਿੰਘ, ਮੰਡਲ ਜਨਰਲ ਸਕੱਤਰ ਸੰਦੀਪ ਮਹੇਸ਼ਵਰੀ, ਜੋਗਿੰਦਰ ਜੌੜਾ, ਬੱਬੂ ਅਰੋੜਾ, ਜਤਿੰਦਰ ਸ਼ਰਮਾ, ਸੁਰਜੀਤ ਸਿੰਘ, ਹਰਬੰਸ ਭੋਲਾ, ਡਾ.ਰਾਮ ਕੁਮਾਰ ਅਤੇ ਹੋਰ ਮੌਜੂਦ ਸਨ।