ਗੋਨਿਆਣਾ, 8 ਜੁਲਾਈ (ਲਛਮਣ ਦਾਸ ਗਰਗ):-ਗੋਨਿਆਣਾ ਨਗਰ ਕੌਸ਼ਲ ਦੇ ਨਵੇਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਹੋਣ ਵਾਲੀ ਚੋਣ ਨੂੰ ਅੱਜ ਫਿਰ ਰੱਦ ਕਰ ਦਿੱਤਾ ਹੈ। ਸਮੂਹ ਕੌਂਸਲਰਾਂ ਨੂੰ 6 ਜੁਲਾਈ ਨੂੰ ਦਿੱਤੇ ਗਏ ਚੋਣ ਸਮੇਂ ਅਨੁਸਾਰ ਅੱਜ ਸਥਾਨਕ ਨਗਰ ਕੌਸ਼ਲ ਦੇ ਦਫ਼ਤਰ ਵਿਖੇ ਆਉਣ ’ਤੇ ਹੀ ਪਤਾ ਲੱਗਾ ਹੈ, ਕਿ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਹੋਣ ਵਾਲੀ ਚੋਣ ਰੱਦ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਅੱਜ 8 ਜੁਲਾਈ ਨੂੰ ਹੋਣ ਵਾਲੀ ਚੋਣ ਤਕਰੀਬਨ ਚੋਣ ਤੋਂ ਡੇਢ ਦੋ ਘੰਟੇ ਪਹਿਲਾ ਰੱਦ ਹੋ ਚੁੱਕੀ ਸੀ। ਚੋਣ ਸਮੇਂ ਤੋਂ ਕੁਝ ਸਮਾਂ ਪਹਿਲਾ ਭਾਰੀ ਗਿਣਤੀ ਵਿਚ ਲਗਾਇਆ ਗਿਆ ਪੁਲਿਸ ਪ੍ਰਸ਼ਾਸਨ ਵੀ ਉੱਥੋਂ ਜਾ ਚੁੱਕਾ ਸੀ। ਨਵੀ ਚੋਣ ਸੰਬੰਧੀ ਹਾਲੇ ਕੋਈ ਨਵੀ ਤਾਰੀਕ ਜਾਰੀ ਨਹੀ ਕੀਤੀ ਗਈ। ਅੱਜ ਵਾਲੀ ਚੋਣ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਦੀ ਨਿਗਰਾਨੀ ਹੇਠ ਹੋਣੀ ਸੀ, ਜੋ ਕਿਸੇ ਜ਼ਰੂਰੀ ਕੰਮ ਹੋਣ ਕਾਰਨ ਨਹੀ ਪਹੁੰਚ ਸਕੇ। ਇਸ ਸੰਬੰਧੀ ਜਦੋਂ ਗੋਨਿਆਣਾ ਨਗਰ ਕੌਸ਼ਲ ਦੇ ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਜਿਸ ਸੰਬੰਧੀ ਸੂਚਨਾ ਸਮੂਹ ਕੌਂਸਲਰਾਂ ਨੂੰ ਲਿਖਤੀ ਰੂਪ ਵਿਚ ਦਫ਼ਤਰ ਵਲੋਂ ਦਿੱਤੀ ਗਈ ਹੈ ਅਤੇ ਨਵੀ ਤਾਰੀਕ ਸੰਬੰਧੀ ਹਾਲੇ ਤੀਕ ਕੋਈ ਪੱਤਰ ਨਹੀ ਆਇਆ। ਅੱਜ ਫਿਰ ਸ਼ਹਿਰ ਨਿਵਾਸੀਆਂ ਵਿਚ ਨਿਰਾਸਾ ਦਾ ਆਲਮ ਦੇਖਣ ਨੂੰ ਮਿਲਿਆ, ਜੋ ਬਣਨ ਵਾਲੇ ਨਵੇਂ ਪ੍ਰਧਾਨ ਨੂੰ ਵਧਾਈਆਂ ਦੇਣ ਲਈ ਤਿਆਰ ਸਨ।