ਮਾਨਸਾ, 10 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਕਰੀਬ 15 ਸਾਲਾਂ ਤੋਂ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਤਹਿਤ ਠੇਕਾ ਭਰਤੀ ਅਧੀਨ ਸੇਵਾਵਾਂ ਨਿਭਾਅ ਰਹੇ ਮਗਨਰੇਗਾ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਦੇ 40ਵੇਂ ਦਿਨ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਨੇੜੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣ ਉਪਰੰਤ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਸਹਾਇਕ ਪ੍ਰੋਗਰਾਮ ਅਫ਼ਸਰ ਵਨੀਤ ਮੱਤੀ, ਰਾਜਪਾਲ ਕੌਰ ਬੀਰੋਕੇ, ਸ਼ੁਭਪ੍ਰੀਤ ਸਿੰਘ ਖ਼ਿਆਲਾ ਅਤੇ ਗੁਰਕਾਬਲ ਸਿੰਘ ਰਾਠੀ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਮੁਲਾਜ਼ਮਾਂ ਦੇ ਨੁਮਾਇੰਦਿਆਂ ਨਾਲ ਕੋਈ ਠੋਸ ਗੱਲਬਾਤ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਰਮਚਾਰੀਆਂ ‘ਚ ਰੋਸ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮਗਨਰੇਗਾ ਮੁਲਾਜ਼ਮਾਂ ਨੂੰ ਤੁਰੰਤ ਪੰਚਾਇਤ ਵਿਭਾਗ ‘ਚ ਮਰਜ਼ ਕਰ ਕੇ ਪੱਕਾ ਕੀਤਾ ਜਾਵੇ, ਬਕਾਇਆ ਤੇ ਰੋਕੀਆਂ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੇ ਨਾਲ ਹੀ ਹੋਰ ਸਾਰੀਆਂ ਮੰਗਾਂ ਮੰਨੀਆਂ ਜਾਣ। ਉਨ੍ਹਾਂ ਦੱਸਿਆ ਕਿ 15 ਜੁਲਾਈ ਨੂੰ ਪੰਚਾਇਤ ਮੰਤਰੀ ਪੰਜਾਬ ਦੀ ਖੰਨਾ ਵਿਖੇ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਕੌਰ, ਸਰਬਜੀਤ ਕੌਰ, ਗੁਰਦੀਪ ਸਿੰਘ ਝੱਬਰ, ਗੁਰਪ੍ਰੀਤ ਸਿੰਘ ਰਾਠੀ, ਕੁਲਵਿੰਦਰ ਸਿੰਘ ਝੱਬਰ, ਜਸਵੀਰ ਸਿੰਘ ਭੁਪਾਲ, ਵਿਜੈ ਲੱਛਮੀ, ਬਿੰਦੂ ਰਾਣੀ, ਸਨੀ ਮਾਨਸਾ, ਕੇਸ਼ਵ ਸਿੰਗਲਾ, ਮੋਨੂੰ ਕੁਮਾਰ ਆਦਿ ਹਾਜ਼ਰ ਸਨ।