ਮਾਨਸਾ, 10 ਜੁਲਾਈ (ਰਾਵਿੰਦਰ ਸਿੰਘ ਰਵੀ)- ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਪੂਨਮ ਸਿੰਘ ਨੂੰ ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਸੂਬਾਈ ਉਪ ਪ੍ਰਧਾਨ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਚੱਲ ਕੇ ਉਨ੍ਹਾਂ ਦੀਆਂ ਨੀਤੀਆਂ ਇੰਨ-ਬਿੰਨ ਲਾਗੂ ਕਰ ਰਹੀ ਹੈ, ਜੋ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਕੋਡੀਆਂ ਦੇ ਭਾਅ ਕਾਰਪੋਰੇਟਾਂ ਨੂੰ ਸੌਂਪਣ ਲਈ ਸਾਜ਼ਿਸ਼ਾਂ ਘੜ ਰਹੀ ਹੈ, ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਮੁਕਤ ਵਪਾਰ ਸੰਧੀਆਂ ਰੱਦ ਕੀਤੀਆਂ ਜਾਣ, ਵੀ.ਬੀ.ਜੀ ਰਾਮ ਜੀ ਕਾਨੂੰਨ ਵਾਪਸ ਲੈ ਕੇ ਮਗਨਰੇਗਾ ਕਾਨੂੰਨ ਬਹਾਲ ਕਰਨ ਦੇ ਨਾਲ ਹੀ ਤਜਵੀਜ਼ਤ ਬਿਜਲੀ ਅਤੇ ਬੀਜ ਸੋਧ ਬਿੱਲ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਕੱਚੇ ਮਕਾਨਾਂ ਵਾਲੇ ਮਜ਼ਦੂਰਾਂ ਨੂੰ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਸਹਾਇਤਾ ਦਿੱਤੇ ਜਾਣ। ਇਸ ਮੌਕੇ ਸੁਰੇਸ਼ ਕੁਮਾਰ ਮਾਨਸਾ, ਜਸਵੰਤ ਸਿੰਘ ਬੀਰੋਕੇ, ਰਾਜ ਕੁਮਾਰ ਗਰਗ, ਸੀਤਾ ਰਾਮ ਗੋਇਲ, ਜਸਵਿੰਦਰ ਬੱਬਲੂ, ਬੀਰਬਲ ਸਿੰਘ ਚੌਹਾਨ, ਤੇਜਾ ਸਿੰਘ ਹੀਰਕੇ, ਗੁਰਜੰਟ ਸਿੰਘ ਕੋਟੜਾ, ਸੰਜੀਵ ਕੁਮਾਰ ਗੁਪਤਾ, ਬਲਵੀਰ ਸਿੰਘ ਮਾਨਸਾ, ਅਮਨਦੀਪ ਸਿੰਘ ਬਿੱਟੂ ਆਦਿ ਹਾਜ਼ਰ ਸਨ।