ਮੁੱਲਾਂਪੁਰ-ਦਾਖਾ, 10 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਦਾਖਾ-ਲੁਧਿਆਣਾ ਨੈਸ਼ਨਲ ਹਾਈਵੇ’ਤੇ ਕੇ.ਐੱਫ.ਸੀ ਸਾਹਮਣੇ ਅਲੱਗ-ਅਲੱਗ ਦੋ ਪਲਾਟਾਂ ਉੱਪਰ ਕਬਜ਼ਾ ਕਰਨ ਅਤੇ ਖ਼ਾਲੀ ਪਲਾਟਾਂ ’ਚ ਪਿਆ ਸਮਾਨ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਦਾਖਾ ਪੁਲਿਸ ਵਲੋਂ ਨਵਨੀਤ ਅਗਰਵਾਲ, ਲਕਸ਼ ਅਗਰਵਾਲ ਅਤੇ ਲਖਵੀਰ ਸਿੰਘ ਉਰਫ਼ ਲੱਖਾ ਵਿਰੁੱਧ ਜ਼ੁਰਮ ਦੀ ਕਈ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ। ਜਗਦੀਪ ਸਿੰਘ ਪਿੰਡ ਮੁੱਲਾਂਪੁਰ ਵਲੋਂ ਦਾਖਾ ਪੁਲਿਸ ਨੂੰ ਇਤਲਾਹ ਦਿੱਤੀ ਕਿ ਕੁਝ ਰਕਬਾ ਸਾਡੀ ਨਿਰੋਲ ਮਾਲਕੀ ਅਤੇ ਕੁਝ ਮਸ਼ਤਰਕਾ ਅਲੱਗ-ਅਲੱਗ ਪਲਾਟਾਂ ’ਚ ਅਗਰਵਾਲ ਪਰਿਵਾਰ ਕਾਫ਼ੀ ਸਮੇਂ ਸਮੇਂ ਤੋਂ ਅਣਪਛਾਤੇ ਲੋਕਾਂ ਦੀ ਮੱਦਦ ਨਾਲ ਸਾਡੀ ਉਸਾਰੀ ਦੀ ਭੰਨਤੋੜ ਹੋਈ ਅਤੇ ਪਲਾਟਾਂ ’ਚ ਪਿਆ ਕਾਫੀ ਸਮਾਨ ਚੋਰੀ ਹੋ ਗਿਆ। ਦਾਖਾ ਪੁਲਿਸ ਵਲੋਂ ਜ਼ੁਰਮ ਦੀ ਧਾਰਾ 329 (3), 351 (2), (3), 324 (4) (5), 62 ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਕਰਕੇ ਉਕਤ ਵਿਅਕਤੀਆਂ ਅਤੇ ਕੁਝ ਅਣਪਛਾਤੇ ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ। ਉਪਰੋਕਤ ਵਿਅਕਤੀਆਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰਕੇ ਪੂਰੇ ਮਾਮਲੇ ਦੀ ਛਾਣਬੀਣ ਹੋ ਰਹੀ ਹੈ। ਇਨ੍ਹਾਂ ਪਲਾਟਾਂ ਦੀ ਮਾਲਕੀ ਨਾਲ ਜੁੜੇ ਦਲਬੀਰ ਸਿੰਘ, ਕਰਨਜੀਤ ਕੌਰ ਦੇ ਘਰਾਂ ਸਾਹਮਣੇ ਅਤੇ ਮੁਹੱਲੇ ’ਚ ਹੋਰ ਕੰਧਾਂ ’ਤੇ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਚਿਪਕਾਉਣ ਅਤੇ ਗਲੀਆਂ ’ਚ ਪਰਚੇ ਖਿਲਾਰਨ ਦੀ ਇਕ ਵੱਖਰੀ ਸ਼ਿਕਾਇਤ ਕਰਨਜੀਤ ਕੌਰ ਵਲੋਂ ਦਾਖਾ ਪੁਲਿਸ ਨੂੰ ਦਿੱਤੀ, ਸ਼ਿਕਾਇਤ ਵਿਚ ਉਕਤ ਔਰਤ ਵਲੋਂ ਲਿਖਿਆ ਗਿਆ ਕਿ ਮੇਰੇ ਪਰਿਵਾਰ ਦੀ ਨਿੱਜਤਾ ਪ੍ਰਤੀ ਕੂੜ ਪ੍ਰਚਾਰ ਵਾਲੇ ਪੋਸਟਰ ਗਲੀਆਂ ’ਚ ਖਿਲਾਰਨ, ਕੰਧਾਂ ’ਤੇ ਚਿਪਕਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਦਾਖਾ ਪੁਲਿਸ ਵਲੋਂ ਪਲਾਟ ਵਾਲੇ ਵਿਵਾਦ ਵਿਚ ਸ਼ਿਕਾਇਤ ਤੋਂ ਵੱਖਰਾ ਇਕ ਹੋਰ ਮੁਕੱਦਮਾ ਬੀ.ਐੱਨ.ਐੱਸ ਦੀਆਂ 78, 79, 296 ਅਤੇ 111 ਤਹਿਤ ਦਰਜ ਕਰ ਲਿਆ ਗਿਆ। ਦਲਬੀਰ ਸਿੰਘ, ਜਗਦੀਪ ਸਿੰਘ ਮੁੱਲਾਂਪੁਰ ਪਲਾਟਾਂ ਵਾਲੇ ਵਿਵਾਦ ਨੂੰ ਲੈ ਕੇ ਪੱਤਰਕਾਰ ਨੂੰ ਦੱਸਿਆ ਕਿ ਉਕਤ ਜਾਇਦਾਦ ਸਬੰਧੀ ਸਾਡਾ ਲਕਸ਼ ਅਗਰਵਾਲ ਨਾਲ ਅਦਾਲਤੀ ਕੇਸ ਚੱਲ ਰਿਹਾ, ਜ਼ਮੀਨੀ ਵਿਵਾਦ ਦੇ ਚੱਲਦਿਆਂ ਸਾਨੂੰ ਸਾਡੇ ਪਿੰਡ ’ਚ ਬਦਨਾਮ ਕਰਨ ਲਈ ਨਵਨੀਤ ਅਗਰਵਾਲ, ਲਕਸ਼ ਅਗਰਵਾਲ, ਲਖਵੀਰ ਸਿੰਘ, ਕੁਝ ਅਣਪਛਾਤਿਆਂ ਵਲੋਂ ਸਾਡੇ ਹਿੱਸੇਦਾਰਾਂ ਦੇ ਘਰਾਂ ਬਾਹਰ ਇਤਰਾਜ਼ਯੋਗ ਪੋਸਟਰ ਲਗਾਏ ਗਏ। ਪਿੰਡ ਦਾਖਾ ਨੇੜੇ ਨੈਸ਼ਨਲ ਹਾਈਵੇ ’ਤੇ ਪਲਾਟਾਂ ਵਾਲੇ ਵਿਵਾਦ ਨੂੰ ਲੈ ਕੇ ਇਕ ਧਿਰ ਵਲੋਂ ਦੂਸਰੀ ਧਿਰ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਪੋਸਟਰਾਂ ਅਤੇ ਪਲਾਟ ’ਤੇ ਕਬਜ਼ਾ ਸਬੰਧੀ ਉਪ ਪੁਲਿਸ ਕਪਤਾਨ ਕਰਨ ਸਿੰਘ ਸੰਧੂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।