ਮਾਨਸਾ, 21 ਜੁਲਾਈ (ਰਾਵਿੰਦਰ ਸਿੰਘ ਰਵੀ)- ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚੱਲਦਿਆਂ ਮਾਨਸਾ ਸ਼ਹਿਰ ‘ਚ ਪਿਛਲੇ ਦਿਨਾਂ ਤੋਂ ਥਾਂ-ਥਾਂ ਕੂੜੇ ਦੇ ਅੰਬਾਰ ਲੱਗੇ ਹੋਏ ਹਨ। ਕੂੜੇ ਦੇ ਢੇਰਾਂ ‘ਚ ਬੇਸਹਾਰਾ ਪਸ਼ੂਆਂ ਦੇ ਮੂੰਹ ਮਾਰਨ ਕਰ ਕੇ ਗੰਦਗੀ ਸੜਕਾਂ ‘ਤੇ ਵੀ ਆ ਚੁੱਕੀ ਹੈ। ਅੱਜ ਤੜਕਸਾਰ ਪਈ ਭਰਵੀਂ ਬਾਰਸ਼ ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ। ਜਿੱਥੇ ਗੰਦਗੀ ਸੀਵਰੇਜ ਦੇ ਮੈਨਹੋਲਾਂ ‘ਚ ਚਲੀ ਗਈ ਉੱਥੇ ਸੜਕਾਂ ‘ਤੇ ਵੀ ਹਾਲਤ ਮਾੜੀ ਹੋ ਗਈ। ਜ਼ਿਕਰਯੋਗ ਹੈ ਕਿ ਜਾਇਜ਼ ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀ ਪਿਛਲੇ 15 ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਹਨ, ਜਿਸ ਕਰ ਕੇ ਸ਼ਹਿਰ ‘ਚ ਸਫ਼ਾਈ ਪ੍ਰਣਾਲੀ ਚਰਮਰਾਈ ਹੋਈ ਹੈ। ਬੀਤੇ ਦਿਨ ਪ੍ਰਸ਼ਾਸਨ ਵਲੋਂ ਕੂੜੇ ਦੇ ਢੇਰਾਂ ‘ਤੇ ਕੈਮੀਕਲ ਦਾ ਛਿੜਕਾਅ ਕਰ ਕੇ ਦੂਸਰੇ ਦਿਨ ਅੱਗ ਵੀ ਲਗਾਈ ਗਈ, ਜਿਸ ਨੇ ਹਵਾ ਪ੍ਰਦੂਸ਼ਣ ‘ਚ ਹੋਰ ਵਾਧਾ ਕਰ ਦਿੱਤਾ। ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਬੱਸ ਸਟੈਂਡ ਤੋਂ ਤਿੰਨਕੋਨੀ ਨੂੰ ਜਾਂਦੀ ਸੜਕ ‘ਤੇ ਪਏ ਕੂੜੇ ਦੇ ਢੇਰਾਂ ਨੂੰ ਚੁਕਾਉਣ ਦਾ ਪ੍ਰਸ਼ਾਸਨ ਵਲੋਂ ਯਤਨ ਕੀਤਾ ਗਿਆ ਤਾਂ ਸਫ਼ਾਈ ਕਰਮਚਾਰੀਆਂ ਨੇ ਇਸ ਦਾ ਜ਼ਬਰਦਸਤ ਵਿਰੋਧ ਕਰ ਦਿੱਤਾ। ਕਾਫੀ ਬਹਿਸ ਤੋਂ ਬਾਅਦ ਕੂੜਾ ਕਰਕਟ ਚੁੱਕਣ ਨਹੀਂ ਦਿੱਤਾ ਗਿਆ ਅਤੇ ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸ਼ਹਿਰ ‘ਚ ਕੂੜਾ ਨਹੀਂ ਚੁੱਕਣ ਦਿੱਤਾ ਜਾਵੇਗਾ। ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਮਨੋਜ ਕੁਮਾਰ ਚੌਹਾਨ, ਪ੍ਰਵੀਨ ਕੁਮਾਰ, ਵਿਨੋਦ ਕੁਮਾਰ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵਲੋਂ ਜ਼ਬਰਦਸਤੀ ਕੂੜਾ ਚੁਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੂੜੇ ਦਾ ਢੇਰ ਉਨ੍ਹਾਂ ਦੇ ਘਰ ਅੱਗੇ ਖਿਲਾਰ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਜੇਕਰ ਸਰਕਾਰ ਦਾ ਰਵੱਈਆ ਇਹੀ ਰਿਹਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਕੂੜਾ ਚੁਕਵਾਉਣ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ’ਚ ਹੋਈ ਬਹਿਸ
ਅਜੀਤ ਡੈਸਕ
22-07-2026