ਗੱਡੀ ਦਰੱਖ਼ਤ ਨਾਲ ਵੱਜਣ ਕਾਰਨ ਫ਼ੌਜੀ ਦੀ ਮੌਤ
ਅਜੀਤ ਡੈਸਕ
02-01-2026
ਕਪੂਰਥਲਾ, 1 ਜਨਵਰੀ (ਅਮਨਜੋਤ ਸਿੰਘ ਵਾਲੀਆ)- ਮਲਸੀਆਂ-ਤਾਸ਼ਪੁਰ ਰੋਡ 'ਤੇ ਗੱਡੀ ਦਾ ਟਾਇਰ ਫੱਟ ਕੇ ਇਕ ਦਰਖ਼ਤ ਵਿਚ ਗੱਡੀ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਡੱਲਾ ਚੌਂਕੀ ਦੇ ਇੰਚਾਰਜ ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸ਼ੇਖੂਪੁਰ ਜੋ ਕਿ ਫ਼ੌਜ ਦੀ ਨੌਕਰੀ ਕਰਦਾ ਹੈ ਤੇ ਅੱਜ ਰਾਜਸਥਾਨ ਤੋਂ ਆਪਣੀ ਆਲਟੋ ਕਾਰ ਵਿਚ ਸਵਾਰ ਹੋ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਮਲਸੀਆਂ ਤਾਸ਼ਪੁਰ ਰੋਡ 'ਤੇ ਉਸ ਦੀ ਗੱਡੀ ਦਾ ਅਚਾਨਕ ਟਾਇਰ ਫੱਟ ਗਿਆ ਤੇ ਗੱਡੀ ਬੇਕਾਬੂ ਹੋ ਕੇ ਇਕ ਦਰਖ਼ਤ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬੀ.ਐਨ.ਐਸ. 194 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ |
ਹੈਰੋਇਨ ਸਮੇਤ ਇਕ ਔਰਤ ਗਿ੍ਫ਼ਤਾਰ
ਕਪੂਰਥਲਾ, 1 ਜਨਵਰੀ (ਸਡਾਨਾ)-ਥਾਣਾ ਸਦਰ ਪੁਲਿਸ ਨੇ ਇਕ ਔਰਤ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਕੇਵਲ ਸਿੰਘ ਨੇ ਲੱਖਣ ਕਲਾਂ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ਣ ਹਰਪ੍ਰੀਤ ਕੌਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਨੇ ਆਪਣੇ ਹੱਥ ਵਿਚ ਫੜਿਆ ਲਿਫ਼ਾਫ਼ਾ ਸੁੱਟ ਦਿੱਤਾ | ਪੁਲਿਸ ਪਾਰਟੀ ਨੇ ਜਦੋਂ ਮਹਿਲਾ ਕਰਮਚਾਰੀਆਂ ਦੇ ਨਾਲ ਉਕਤ ਔਰਤ ਨੂੰ ਕਾਬੂ ਕਰਕੇ ਉਸ ਵਲੋਂ ਸੁੱਟੇ ਲਿਫ਼ਾਫ਼ੇ ਦੀ ਜਾਂਚ ਕੀਤੀ ਤਾਂ ਲਿਫ਼ਾਫ਼ੇ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤਹਿਤ ਉਕਤ ਕਥਿਤ ਦੋਸ਼ਣ ਹਰਪ੍ਰੀਤ ਕੌਰ ਵਾਸੀ ਹਮੀਰਾ ਵਿਰੁੱਧ ਥਾਣਾ ਸਦਰ ਵਿਖੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |