ਨਡਾਲਾ, 1 ਜਨਵਰੀ (ਰਘਬਿੰਦਰ ਸਿੰਘ) - ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਵਿਚ ਆਜ਼ਾਦ ਪੱਤਰਕਾਰਾਂ ਅਤੇ ਆਰ.ਟੀ.ਆਈ. ਕਾਰਕੁਨਾਂ ਖ਼ਿਲਾਫ਼ ਬਦਲਾਖੋਰੀ ਤਹਿਤ ਝੂਠੀਆਂ ਅਤੇ ਸਿਆਸੀ ਮਕਸਦ ਨਾਲ ਦਰਜ ਕੀਤੀਆਂ ਗਈਆਂ ਝੂਠੀਆਂ ਐਫ਼. ਆਈ. ਆਰਾਂ. ਦੀ ਸਖ਼ਤ ਨਿੰਦਾ ਕੀਤੀ | ਸ: ਖਹਿਰਾ ਨੇ ਕਿਹਾ ਕਿ ਇਹ ਐਫ਼.ਆਈ.ਆਰਾਂ. ਪੈ੍ਰੱਸ ਦੀ ਆਜ਼ਾਦੀ ਅਤੇ ਲੋਕਤੰਤਰ 'ਤੇ ਸਿੱਧਾ ਹਮਲਾ ਹਨ, ਜਿਨ੍ਹਾਂ ਦਾ ਮਕਸਦ ਮੌਜੂਦਾ ਹਕੂਮਤ ਦੀ ਨਾਕਾਮੀਆਂ, ਭਿ੍ਸ਼ਟਾਚਾਰ ਤੇ ਤਾਨਾਸ਼ਾਹੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਣ ਵਾਲੀਆਂ ਆਵਾਜ਼ਾਂ ਨੂੰ ਦਬਾਉਣਾ ਹੈ | ਆਪਣਾ ਸੰਵਿਧਾਨਕ ਫ਼ਰਜ਼ ਨਿਭਾ ਰਹੇ ਪੱਤਰਕਾਰਾਂ ਤੇ ਆਰ. ਟੀ. ਆਈ. ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ ਸਾਫ਼ ਤੌਰ 'ਤੇ ਉਨ੍ਹਾਂ ਨੂੰ ਡਰਾਉਣਾ ਤੇ ਧਮਕਾਉਣਾ ਹੈ | ਖਹਿਰਾ ਨੇ ਚੇਤਾਵਨੀ ਦਿੱਤੀ ਕਿ ਜੋ ਸਰਕਾਰ ਸਵਾਲਾਂ ਅਤੇ ਜਾਂਚ ਤੋਂ ਡਰਦੀ ਹੈ, ਉਹ ਅਟੱਲ ਤੌਰ 'ਤੇ ਤਾਨਾਸ਼ਾਹੀ ਵੱਲ ਵਧਦੀ ਹੈ | ਆਜ਼ਾਦ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ, ਝੂਠੀਆਂ ਐਫ਼.ਆਈ.ਆਰਾਂ. ਰਾਹੀਂ ਇਸਨੂੰ ਕੁਚਲਣਾ ਆਪ ਸਰਕਾਰ ਦੀ ਅਸੁਰੱਖਿਆ ਤੇ ਅਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ |