ਕਪੂਰਥਲਾ, 2 ਜਨਵਰੀ (ਸਡਾਨਾ)-ਥਾਣਾ ਸਿਟੀ ਦੇ ਸਦਰ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਦੌਰਾਨ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਦੇ ਨਾਲ ਕਾਬੂ ਕੀਤਾ ਹੈ | ਪਹਿਲੇ ਮਾਮਲੇ ਤਹਿਤ ਥਾਣਾ ਸਿਟੀ ਦੇ ਹਵਾਲਦਾਰ ਬਲਜੀਤ ਸਿੰਘ ਨੂੰ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਲਖਵਿੰਦਰ ਕੌਰ ਵਾਸੀ ਉੱਚਾ ਧੋੜਾ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੀ ਹੈ ਤੇ ਹੁਣ ਵੀ ਕੁਸ਼ਟ ਆਸ਼ਰਮ ਰੋਡ 'ਤੇ ਗਾਹਕਾਂ ਦੀ ਉਡੀਕ ਕਰ ਰਹੀ ਹੈ ਜਿਸ 'ਤੇ ਪੁਲਿਸ ਨੇ ਦੱਸੀ ਥਾਂ 'ਤੇ ਛਾਪੇਮਾਰੀ ਕਰਕੇ ਉਕਤ ਔਰਤ ਨੂੰ ਕਾਬੂ ਕਰਨ ਉਪਰੰਤ ਉਸਦੇ ਕਬਜ਼ੇ ਵਿਚੋਂ 13 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਤੇ ਉਸ ਵਿਰੁੱਧ ਥਾਣਾ ਸਿਟੀ ਵਿਖੇ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸੇ ਤਰ੍ਹਾਂ ਦੂਸਰੇ ਮਾਮਲੇ ਤਹਿਤ ਥਾਣਾ ਸਦਰ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਗਸ਼ਤ ਦੌਰਾਨ ਲੱਖਣ ਕਲਾਂ ਨੇੜੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਕਥਿਤ ਦੋਸ਼ੀ ਗੁਰਮੀਤ ਸਿੰਘ ਵਾਸੀ ਲੱਖਣ ਖ਼ੁਰਦ ਨੂੰ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 18 ਬੋਤਲਾਂ ਸ਼ਰਾਬ ਬਰਾਮਦ ਕੀਤੀ ਤੇ ਉਸ ਵਿਰੁੱਧ ਥਾਣਾ ਸਦਰ ਵਿਖੇ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਗਿਆ |