ਸੁਲਤਾਨਪੁਰ ਲੋਧੀ, 3 ਜਨਵਰੀ (ਥਿੰਦ)- ਹਲਕਾ ਸੁਲਤਾਨਪੁਰ ਲੋਧੀ ਅੰਦਰ ਪੁਲਿਸ ਪ੍ਰਸ਼ਾਸਨ ਵਲੋਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਲਗਾਤਾਰ ਚੋਰੀ ਦੀਆਂ ਘਟਨਾਵਾਂ ਹੋਣ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਹੈ | ਹਾਲਤ ਇਹ ਬਣ ਗਏ ਹਨ ਕਿ ਰੋਜ਼ਾਨਾ ਹੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਬਿਨਾਂ ਕਿਸੇ ਡਰ ਦੇ ਦਿਨ ਦਿਹਾੜੇ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਬੀਤੀ ਰਾਤ ਪਿੰਡ ਕਾਹਨਾ ਵਿਖੇ ਠੱਟਾ ਨਵਾਂ ਨਿਵਾਸੀ 'ਆਪ' ਆਗੂ ਚਰਨਜੀਤ ਸਿੰਘ ਮੋਮੀ ਪੁੱਤਰ ਰਤਨ ਸਿੰਘ ਮੋਮੀ ਦੇ ਫਾਰਮ ਹਾਊਸ ਵਿਖੇ ਚੋਰਾਂ ਨੇ ਧਾਵਾ ਬੋਲਦਿਆਂ ਸਰੀਆ, ਪਾਈਪ, ਸਬਮਰਸੀਬਲ ਮੋਟਰ, ਗਾਡਰ ਤੇ ਹੋਰ ਪਾਈਪ ਚੋਰੀ ਕਰ ਲਿਆ | 'ਆਪ' ਆਗੂ ਚਰਨਜੀਤ ਸਿੰਘ ਮੋਮੀ ਨੇ ਦੱਸਿਆ ਕਿ ਪਿੰਡ ਕਾਹਨਾ ਵਿਖੇ ਆਪਣੇ ਫਾਰਮ ਹਾਊਸ ਵਿਖੇ ਰਿਹਾਇਸ਼ੀ ਮਕਾਨ ਦੀ ਉਸਾਰੀ ਕਰ ਰਹੇ ਸਨ | ਬੀਤੀ ਸ਼ਾਮ ਉਹ ਕੰਮ ਮੁਕਾ ਕੇ ਲੇਬਰ ਸਮੇਤ ਘਰ ਆ ਗਏ ਸਨ, ਪਰ ਜਦੋਂ ਉਹ ਅੱਜ ਸਵੇਰੇ ਫਾਰਮ ਹਾਊਸ ਵਿਖੇ ਪਹੁੰਚੇ ਤਾਂ ਉੱਥੇ ਨੀਂਹਾਂ ਵਿਚ ਖੜ੍ਹੇ ਕੀਤੇ ਸਰੀਏ ਦੇ ਪਿੱਲਰ, ਗਾਡਰ, ਪਾਈਪ, ਸਬਮਰਸੀਬਲ ਮੋਟਰ ਤੇ ਹੋਰ ਸਮਾਨ ਗ਼ਾਇਬ ਸੀ | ਉਨ੍ਹਾਂ ਦੱਸਿਆ ਕਿ ਨੀਂਹਾਂ ਵਿਚ ਖੜ੍ਹੇ ਕੀਤੇ ਪਿੱਲਰਾਂ ਨੂੰ ਚੋਰਾਂ ਨੇ ਕਟਰ ਨਾਲ ਕੱਟ ਲਿਆ ਤੇ ਬੋਰ ਵਿਚੋਂ ਸਬਮਰਸੀਬਲ ਮੋਟਰ ਨੂੰ ਕੱਢ ਲਿਆ | ਉਨ੍ਹਾਂ ਦੱਸਿਆ ਕਿ ਆਲ਼ੇ ਦੁਆਲੇ ਭਾਲ ਕਰਨ ਤੇ ਕੁੱਝ ਵੀ ਪ੍ਰਾਪਤ ਨਹੀਂ ਹੋ ਸਕਿਆ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ, ਅਮਰੀਕ ਸਿੰਘ ਟਿੱਬਾ, ਕਿਸਾਨ ਆਗੂ ਸਰਵਨ ਸਿੰਘ ਚੰਦੀ, ਜਸਵਿੰਦਰ ਸਿੰਘ ਟਿੱਬਾ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਹਲਕੇ ਦੇ ਸਮੁੱਚੇ ਪਿੰਡਾਂ 'ਚ ਰਾਤ ਸਮੇਂ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ |