ਕਪੂਰਥਲਾ, 3 ਜਨਵਰੀ (ਅਮਰਜੀਤ ਕੋਮਲ)- ਰਾਸ਼ਟਰੀ ਬਾਇਓ ਐਨਰਜੀ ਪ੍ਰੋਗਰਾਮ ਨੂੰ 2026 ਤੱਕ ਵਧੇ ਹੋਏ ਵਿੱਤੀ ਖ਼ਰਚੇ ਨਾਲ ਅੱਗੇ ਵਧਾਇਆ ਗਿਆ ਹੈ, ਜੋ ਟਿਕਾਊ ਊਰਜਾ ਵਿਕਾਸ ਅਤੇ ਬਾਇਓ ਐਨਰਜੀ ਦੇ ਵਪਾਰੀ ਕਰਨ ਨੂੰ ਤੇਜ਼ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤੋਸ਼ ਕੁਮਾਰ ਸਾਰੰਗੀ ਸਕੱਤਰ ਨਵੀਂ ਤੇ ਨਵੀਨੀਕਰਨ ਊਰਜਾ ਮੰਤਰਾਲੇ ਵਲੋਂ ਅੱਜ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ ਐਨਰਜੀ ਕਪੂਰਥਲਾ ਦੇ ਕੈਂਪਸ ਵਿਚ ਕਰਵਾਈ ਗਈ 'ਇੰਡਸਟਰੀ ਅਕਾਦਮੀਆਂ, ਬਾਇਓ ਐਨਰਜੀ ਇਨੋਵੇਸ਼ਨ ਕਨਕਲੇਵ' ਦੇ ਉਦਘਾਟਨ ਮੌਕੇ ਆਪਣੇ ਸੰਬੋਧਨ 'ਚ ਕੀਤਾ | ਉਨ੍ਹਾਂ ਭਾਰਤ ਦੀ ਤੇਜ਼ੀ ਨਾਲ ਵੱਧ ਰਹੀ ਊਰਜਾ ਦੀ ਮੰਗ ਨੂੰ ਪੂਰਾ ਕਰਨ ਲਈ ਬਾਇਓ ਐਨਰਜੀ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਕਿਹਾ ਕਿ ਇਸ ਖੇਤਰ ਲਈ ਮੰਤਰਾਲੇ ਦੇ ਮਜ਼ਬੂਤ ਸਹਿਯੋਗ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਬਾਇਓਮਾਸ ਤੇ ਬਾਇਓ ਫਿਊਲ ਤਕਨਾਲੋਜੀ ਦੀ ਖੋਜ ਤੇ ਵਿਕਾਸ ਵਿਚ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ ਐਨਰਜੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਤੋਸ਼ ਕੁਮਾਰ ਸਾਰੰਗੀ ਨੇ ਜੈਵਿਕ ਊਰਜਾ ਮਿੱਤਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜੋ ਕਿ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ ਐਨਰਜੀ ਵਲੋਂ ਲਾਗੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਐਮ.ਐਨ.ਆਰ.ਈ. ਦੀ ਇਕ ਰਾਸ਼ਟਰੀ ਹੁਨਰ ਵਿਕਾਸ ਦੀ ਪਹਿਲਕਦਮੀ ਹੈ ਜਿਸ ਦਾ ਮੰਤਵ ਨੌਜਵਾਨਾਂ ਤੇ ਉੱਦਮੀਆਂ ਨੂੰ ਭਾਰਤ ਦੇ ਬਾਇਓ ਐਨਰਜੀ ਮਿਸ਼ਨ ਲਈ ਇਕ ਹੁਨਰਮੰਦ ਕਾਰਜ ਬੱਲ ਬਣਾ ਕੇ ਬਾਇਓ ਐਨਰਜੀ ਮੂਲ ਲੜੀ ਨੂੰ ਮਜ਼ਬੂਤ ਕਰਨ ਦੇ ਸਮਰੱਥ ਬਣਾਉਣਾ ਹੈ | ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ ਐਨਰਜੀ ਦੀ ਡਾਇਰੈਕਟਰ ਜਨਰਲ ਡਾ. ਸੰਗੀਤਾ ਐਮ ਕਸਤੂਰ ਨੇ ਊਰਜਾ ਸੁਰੱਖਿਆ, ਪੇਂਡੂ ਰੋਟੀ ਰੋਜ਼ੀ ਤੇ ਚੱਕਰੀ ਅਰਥ ਵਿਵਸਥਾ ਨੂੰ ਵਧਾਉਣ ਲਈ ਬਾਇਓ ਐਨਰਜੀ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕੰਪਰੈਸਡ ਬਾਇਓਗੈਸ, ਬਾਇਓਮਾਸ ਪੈਲੇਟਸ ਤੇ ਬਿ੍ਕੇਟਸ, ਬਾਇਓਮਾਸ ਪਾਵਰ, ਗ੍ਰੀਨ ਹਾਈਡ੍ਰੋਜ਼ਨ, ਬਾਇਓਮਾਸ ਟੋਰੀਫੈਕਸ਼ਨ, 2 ਜੀ ਈਥਾਨੋਲ, ਸੋਧੇ ਹੋਏ ਬਾਇਓਮਾਸ ਕੁੱਕਸਟੋਵ, ਐਲਗਲ ਬਾਇਓਰੀਫਾਈਨਰੀ, ਬਾਇਓਮਾਸ ਸਰੋਤ ਮੁਲਾਂਕਣ ਤੇ ਮੁੱਲ ਵਾਧਾ ਬਾਇਓ ਉਤਪਾਦ ਵਰਗੇ ਖੇਤਰਾਂ ਵਿਚ ਸੰਸਥਾ ਦੀਆਂ ਚੱਲ ਰਹੀਆਂ ਖੋਜ ਤੇ ਵਿਕਾਸ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸੰਸਥਾ ਆਤਮ ਨਿਰਭਰ ਭਾਰਤ ਤੇ ਸ਼ੁੱਧ ਜ਼ੀਰੋ ਵਚਨਬੱਧਤਾਵਾਂ ਵੱਲ ਭਾਰਤ ਦੀ ਤਬਦੀਲੀ ਦਾ ਸਾਥ ਦੇਣ ਲਈ ਟਿਕਾਊ ਬਾਇਓਮਾਸ ਆਧਾਰਿਤ ਹੱਲ ਵਿਕਸਿਤ ਕਰਨ ਤੇ ਪ੍ਰਦਰਸ਼ਿਤ ਕਰਨ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ | ਕਨਕਲੇਵ ਨੂੰ ਸੰਬੋਧਨ ਕਰਦਿਆਂ ਟੀ.ਈ.ਆਰ.ਆਈ. ਦੀ ਡਾਇਰੈਕਟਰ ਡਾ. ਵਿਭਾ ਧਵਨ ਨੇ ਭਾਰਤ ਦੇ ਨਵੀਨੀਕਰਨ ਊਰਜਾ ਤੇ ਜਲਵਾਯੂ ਤਬਦੀਲੀਆਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਬਾਇਓ ਐਨਰਜੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਅਕਾਦਮਿਕ, ਉਦਯੋਗ, ਸਰਕਾਰੀ ਵਿਭਾਗਾਂ ਤੇ ਖੋਜ ਸੰਗਠਨਾਂ ਦੀ ਨੁਮਾਇੰਦਗੀ ਕਰਨ ਵਾਲੇ 70 ਤੋਂ ਵੱਧ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਕਨਕਲੇਵ ਦੇ ਵੱਖ-ਵੱਖ ਸੈਸ਼ਨਾਂ 'ਚ ਭਾਰਤ ਵਿਚ ਬਾਇਓ ਐਨਰਜੀ ਅਪਣਾਉਣ ਲਈ ਤਕਨਾਲੋਜੀ ਦੇ ਪਾੜੇ, ਨੀਤੀਗਤ ਢਾਂਚੇ, ਵਿੱਤੀ ਵਿਧੀਆਂ ਤੇ ਨਵੀਨਤਾਕਾਰੀ ਰਣਨੀਤੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ |