• ਨਮੋਸ਼ੀ ਤੋਂ ਬਾਅਦ ਕੌਮੀ ਮੁਕਾਬਲੇ 'ਚ ਪੰਜਾਬ ਦੀ ਨੁਮਾਇੰਦਗੀ ਕਰਨ 'ਤੇ ਖਿਡਾਰੀਆਂ 'ਚ ਖ਼ੁਸ਼ੀ ਦੀ ਲਹਿਰ
• ਟਰਾਇਲ ਨਾ ਹੋਣ ਕਾਰਨ ਚੈਂਪੀਅਨਸ਼ਿਪ 'ਚੋਂ ਬਾਹਰ ਹੋਣ ਦੀ ਕਾਗਾਰ 'ਤੇ ਸੀ ਪੰਜਾਬ ਟੀਮ
ਸੁਲਤਾਨਪੁਰ ਲੋਧੀ, 4 ਜਨਵਰੀ (ਨਰੇਸ਼ ਹੈਪੀ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ 6 ਤੋਂ 9 ਜਨਵਰੀ 2026 ਤੱਕ ਹੋਣ ਜਾ ਰਹੀ 14ਵੀਂ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਆਿਖ਼ਰਕਾਰ ਭੋਪਾਲ ਰਵਾਨਾ ਹੋ ਗਈ ਹੈ | ਇਸ ਟੀਮ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲਗਭਗ 150 ਤੋਂ 200 ਖਿਡਾਰੀਆਂ ਨੇ ਕੜਾਕੇ ਦੀ ਠੰਢ ਵਿਚ ਪਾਣੀ ਵਿਚ ਉਤਰ ਕੇ ਸਖ਼ਤ ਅਭਿਆਸ ਕੀਤਾ ਤੇ ਆਪਣੀ ਕਾਬਲੀਅਤ ਸਾਬਤ ਕੀਤੀ | ਜ਼ਿਕਰਯੋਗ ਹੈ ਕਿ ਪੰਜਾਬ ਦੀ ਟੀਮ ਦੀ ਚੋਣ ਪ੍ਰਕਿਰਿਆ ਦੌਰਾਨ ਰੋਪੜ ਵਿਚ 22 ਤੋਂ 24 ਦਸੰਬਰ 2025 ਤੱਕ ਰੱਖੇ ਗਏ ਟਰਾਇਲ ਬਿਨਾਂ ਕਿਸੇ ਸੂਚਨਾ ਦੇ ਅਚਾਨਕ ਮੁਲਤਵੀ ਕਰ ਦਿੱਤੇ ਗਏ, ਜਿਸ ਕਾਰਨ ਆਪਣੇ ਖ਼ਰਚੇ 'ਤੇ ਪਹੁੰਚੇ ਸੈਂਕੜੇ ਖਿਡਾਰੀ ਤੇ ਕੋਚ ਨਿਰਾਸ਼ਾ ਵਿਚ ਸੀ | ਕਿਸੇ ਵੀ ਅਧਿਕਾਰੀ ਜਾਂ ਸੰਬੰਧਿਤ ਫੈਡਰੇਸ਼ਨ ਵੱਲੋਂ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਦਖ਼ਲ ਦੀ ਮੰਗ ਕੀਤੀ ਗਈ ਸੀ | ਸੰਤ ਸੀਚੇਵਾਲ ਵੱਲੋਂ ਪੱਤਰ ਲਿਖੇ ਜਾਣ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ ਅਤੇ ਸਿਰਫ਼ ਇਕ ਦਿਨ ਦੇ ਅੰਦਰ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ | ਨਤੀਜੇ ਵਜੋਂ ਆਿਖ਼ਰਕਾਰ ਪੰਜਾਬ ਦੀ ਟੀਮ ਤਿਆਰ ਹੋਈ ਅਤੇ ਖਿਡਾਰੀਆਂ ਨੂੰ 14ਵੀਂ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਭੋਪਾਲ ਭੇਜਿਆ ਗਿਆ | ਜ਼ਿਕਰਯੋਗ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਪਿਛਲੀ 13ਵੀਂ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ (ਦਿੱਲੀ) ਵਿਚ ਪੰਜਾਬ ਲਈ 5 ਸੋਨੇ, 8 ਚਾਂਦੀ ਤੇ 10 ਕਾਂਸੀ ਦੇ ਤਗਮੇ ਜਿੱਤ ਕੇ ਓਵਰ ਆਲ ਦੂਜਾ ਸਥਾਨ ਹਾਸਲ ਕੀਤਾ ਸੀ |
ਸੰਤ ਸੀਚੇਵਾਲ ਦੇ ਦਖ਼ਲ ਨਾਲ ਪੰਜਾਬ ਦੀ ਡਰੈਗਨ ਬੋਟ ਟੀਮ 14ਵੀਂ ਨੈਸ਼ਨਲ ਚੈਂਪੀਅਨਸ਼ਿਪ ਲਈ ਭੋਪਾਲ ਰਵਾਨਾ
ਅਜੀਤ ਡੈਸਕ
05-01-2026