ਫਗਵਾੜਾ, 4 ਜਨਵਰੀ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਹੈ ਕਿ ਮਨੁੱਖ ਨੂੰ ਦੁਨਿਆਵੀ ਕਮਾਈ ਦੇ ਨਾਲ ਨਾਲ ਚੰਗੇ ਕਰਮਾਂ ਦੀ ਕਮਾਈ ਵੀ ਕਰਨੀ ਚਾਹੀਦੀ ਹੈ ਤਾਂ ਜੋ ਜੀਵਨ ਦੇ ਹਰ ਪੜਾਅ 'ਤੇ ਉਹ ਕਰਮ ਸਾਥ ਨਿਭਾ ਸਕਣ | ਇਹ ਪ੍ਰਗਟਾਵਾ ਉਨ੍ਹਾਂ ਅੱਜ ਪਿੰਡ ਖੁਰਮਪੁਰ ਵਿਖੇ ਜੈਨ ਸਮਾਜ ਵਲੋਂ ਸਥਾਪਿਤ ਭਗਵਾਨ ਮਹਾਂਵੀਰ ਜੈਨ ਗਊਸ਼ਾਲਾ ਦੇ ਉਦਘਾਟਨੀ ਸਮਾਗਮ ਮੌਕੇ ਕੀਤਾ | ਡਾ. ਰਵਜੋਤ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ 'ਚ ਹਰ ਵਿਅਕਤੀ ਕੋਠੀਆਂ, ਪਲਾਟ, ਬੈਂਕ ਬਕਾਇਆ ਆਦਿ ਇਕੱਠਾ ਕਰਕੇ ਦੁਨਿਆਵੀ ਕਮਾਈ ਵਧਾਉਣ 'ਚ ਲੱਗਾ ਹੋਇਆ ਹੈ ਪਰ ਜੈਨ ਧਰਮ ਇੱਕ ਅਜਿਹਾ ਧਰਮ ਹੈ ਜੋ ਸਮਾਜ ਦੀ ਭਲਾਈ ਲਈ ਕੰਮ ਕਰਕੇ ਚੰਗੇ ਕਰਮਾਂ ਦੀ ਕਮਾਈ ਕਰਦਾ ਹੈ | ਉਨ੍ਹਾਂ ਕਿਹਾ ਕਿ ਜੈਨ ਸਮਾਜ ਵਲੋਂ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਚਲਾ ਕੇ ਸਮਾਜ ਨੂੰ ਸਿੱਖਿਆ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਤਿੰਨ ਏਕੜ 'ਚ ਗਊਸ਼ਾਲਾ ਦੀ ਸਥਾਪਨਾ ਨੂੰ ਇੱਕ ਮਹਾਨ ਤੇ ਚੰਗਾ ਕਾਰਜ ਦੱਸਿਆ | ਐੱਸ.ਐੱਸ. ਜੈਨ ਸਭਾ ਗਊਸ਼ਾਲਾ ਦੇ ਚੇਅਰਮੈਨ ਕੀਮਤੀ ਲਾਲ ਜੈਨ ਅਤੇ ਪ੍ਰਧਾਨ ਮਹਿੰਦਰ ਜੈਨ ਨੇ ਦੱਸਿਆ ਕਿ ਗਊਸ਼ਾਲਾ 'ਚ ਲਗਭਗ 200 ਗਊਆਂ ਦੀ ਦੇਖਭਾਲ ਕੀਤੀ ਜਾਵੇਗੀ ਤੇ ਸੜਕਾਂ 'ਤੇ ਘੁੰਮਦੀਆਂ ਗਊਆਂ ਨੂੰ ਇੱਥੇ ਲਿਆਂਦਾ ਜਾਵੇਗਾ | ਉਨ੍ਹਾਂ ਨੇ ਜੈਨ ਸਭਾ ਵੱਲੋਂ ਚਲਾਏ ਜਾ ਰਹੇ ਚੈਰੀਟੇਬਲ ਡਿਸਪੈਂਸਰੀਆਂ, ਸਕੂਲਾਂ ਤੇ ਕਾਲਜਾਂ ਬਾਰੇ ਵੀ ਜਾਣਕਾਰੀ ਦਿੱਤੀ | ਗਊਸ਼ਾਲਾ ਦਾ ਉਦਘਾਟਨ ਹਿਮਾਚਲ ਕੇਸਰੀ ਮਹਾਰਾਜ ਜਤਿੰਦਰ ਮੋਨੀ ਵੱਲੋਂ ਕੀਤਾ ਗਿਆ | ਇਸ ਮੌਕੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਜੋਗਿੰਦਰ ਸਿੰਘ ਮਾਨ, ਹਲਕਾ ਇੰਚਾਰਜ ਹਰਜੀ ਮਾਨ, ਹੁਸ਼ਿਆਰਪੁਰ ਤੋਂ ਰੋਹਤਾਸ਼ ਜੈਨ, ਸਤੀਸ਼ ਜੈਨ, ਰਵੀ ਜੈਨ, ਅਨੁੱਜ ਜੈਨ, ਨਰੇਸ਼, ਅਜੇ, ਰਮੇਸ਼, ਲਲਿਤ, ਅਮਿੱਤ, ਹੇਮੰਤ ਜੈਨ, ਪੰਕਜ ਗੌਤਮ ਤੇ ਮਹਿੰਦਰ ਆਦਿ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |