ਕਪੂਰਥਲਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਡੀ.ਪੀ.ਆਈ. ਸੈਕੰਡਰੀ ਦੇ ਹੁਕਮਾਂ ਤੋਂ ਬਾਅਦ ਸਰਕਾਰੀ ਹਾਈ ਸਕੂਲ ਰਾਜੇਵਾਲ 'ਚ ਤਾਇਨਾਤ ਗਣਿਤ ਅਧਿਆਪਕ ਸੁਰਿੰਦਰ ਸਿੰਘ ਨੂੰ ਅੱਜ ਅਧਿਕਾਰਤ ਤੌਰ 'ਤੇ ਸਕੂਲ ਵਿਚ ਡਿਊਟੀ 'ਤੇ ਹਾਜ਼ਰ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ਐੱਸ.ਐੱਮ.ਸੀ. ਦੇ ਚੇਅਰਮੈਨ ਗੁਰਮੇਜ ਸਿੰਘ, ਰਾਜੇਵਾਲ ਦੇ ਸਰਪੰਚ ਬਲਵੰਤ ਸਿੰਘ, ਅੰਮਿ੍ਤਪੁਰ ਦੇ ਸਰਪੰਚ ਸ਼ਿੰਗਾਰਾ ਸਿੰਘ, ਮੁੰਡੀ ਛੰਨਾ ਦੀ ਸਰਪੰਚ ਪਰਮਜੀਤ ਕੌਰ, ਸਾਬਕਾ ਸਰਪੰਚ ਮੁਖ਼ਤਿਆਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਮੈਂਬਰ ਪੰਚਾਇਤ ਬੱਗਾ ਸਿੰਘ, ਐਸ.ਐਮ.ਸੀ. ਦੇ ਮੈਂਬਰ ਮਹਿੰਦਰ ਸਿੰਘ, ਮੁਖ਼ਤਿਆਰ ਸਿੰਘ ਮੁੰਡੀ ਛੰਨਾ ਤੇ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, 4161 ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਤੇ ਸੁਦਰਸ਼ਨ ਸਿੰਘ ਤੋਂ ਇਲਾਵਾ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ | ਅਧਿਆਪਕ ਆਗੂ ਹਰਵਿੰਦਰ ਸਿੰਘ ਅੱਲੂਵਾਲ ਨੇ ਕਿਹਾ ਕਿ ਸੁਰਿੰਦਰ ਸਿੰਘ ਨੂੰ ਸਕੂਲ ਵਿਚ ਡਿਊਟੀ 'ਤੇ ਅਧਿਕਾਰਤ ਤੌਰ 'ਤੇ ਹਾਜ਼ਰ ਕਰਵਾਉਣਾ ਡੀ.ਟੀ.ਐਫ., ਪਿੰਡਾਂ ਦੀਆਂ ਪੰਚਾਇਤਾਂ, ਪਿੰਡ ਵਾਸੀਆਂ ਤੇ ਭਰਾਤਰੀ ਜਥੇਬੰਦੀਆਂ ਦੀ ਇਕਜੁੱਟਤਾ ਤੇ ਸੰਘਰਸ਼ ਦੀ ਜਿੱਤ ਹੈ | ਵਰਨਣਯੋਗ ਹੈ ਕਿ ਬੀਤੇ ਦਿਨ ਅਧਿਆਪਕ ਸੁਰਿੰਦਰ ਸਿੰਘ ਨੂੰ ਡਿਊਟੀ 'ਤੇ ਹਾਜ਼ਰ ਕਰਵਾਉਣ ਲਈ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ, ਗੁਰਪਿਆਰ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਦੀ ਅਗਵਾਈ ਵਿਚ ਫ਼ਰੰਟ ਦਾ ਇਕ ਵਫ਼ਦ ਡੀ.ਪੀ.ਆਈ. ਸੈਕੰਡਰੀ ਨੂੰ ਮਿਲਿਆ ਸੀ | ਅਧਿਆਪਕ ਆਗੂਆਂ ਨੇ ਹਾਈ ਸਕੂਲ ਅੰਮਿ੍ਤਪੁਰ ਰਾਜੇਵਾਲ ਦੀ ਮੁੱਖ ਅਧਿਆਪਕਾਂ ਵਲੋਂ ਗਣਿਤ ਅਧਿਆਪਕ ਸੁਰਿੰਦਰ ਸਿੰਘ ਨੂੰ ਡਿਊਟੀ 'ਤੇ ਹਾਜ਼ਰ ਨਾ ਕਰਵਾਉਣ ਸੰਬੰਧੀ ਦਿੱਤੇ ਗਏ ਦਸਤਾਵੇਜ਼ਾਂ ਨੂੰ ਮੁੱਖ ਰੱਖਦਿਆਂ ਡੀ.ਪੀ.ਆਈ. ਨੇ ਪੈਂਡਿੰਗ ਇਨਕੁਆਰੀ ਅਧਿਆਪਕ ਸੁਰਿੰਦਰ ਸਿੰਘ ਨੂੰ ਡਿਊਟੀ 'ਤੇ ਹਾਜ਼ਰ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਅਧਿਆਪਕ ਨੂੰ ਪਿੰਡ ਵਾਸੀਆਂ ਤੇ ਪੰਚਾਇਤਾਂ ਦੀ ਮੌਜੂਦਗੀ ਵਿਚ ਡਿਊਟੀ 'ਤੇ ਹਾਜ਼ਰ ਕਰਵਾਇਆ ਗਿਆ |