ਸੁਲਤਾਨਪੁਰ ਲੋਧੀ, 30 ਜਨਵਰੀ (ਨਰੇਸ਼ ਹੈਪੀ, ਥਿੰਦ)-ਜ਼ਿਲ੍ਹਾ ਮੋਗਾ ਦੇ ਪਿੰਡ ਮਹਿਣਾ ਦੀ ਗ੍ਰਾਮ ਪੰਚਾਇਤ ਵੱਲੋਂ ਬਾਊਪੁਰ ਮੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਤਿੰਨ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ | ਇਹ ਰਕਮ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸੌਂਪੀ ਗਈ | ਇਸ ਮੌਕੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਹੜ੍ਹਾਂ ਦੌਰਾਨ ਬੇਮਿਸਾਲ ਸੇਵਾ ਨਿਭਾਈ ਹੈ ਤੇ ਅੱਜ ਵੀ ਪ੍ਰਭਾਵਿਤ ਕਿਸਾਨਾਂ ਦੀ ਜ਼ਮੀਨ ਪੱਧਰੀ ਕਰਨ ਲਈ ਲਗਾਤਾਰ ਯਤਨਸ਼ੀਲ ਹਨ | ਇਸ ਤੋਂ ਇਲਾਵਾ ਮਹਿਣਾ ਗ੍ਰਾਮ ਪੰਚਾਇਤ ਵੱਲੋਂ ਬਾਊਪੁਰ ਦੇ ਤਿੰਨ ਕਿਸਾਨ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ, ਕੁੱਲ 60 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਵੀ ਦਿੱਤੀ ਗਈ ਤਾਂ ਜੋ ਉਹ ਆਪਣੀ ਖੇਤੀਬਾੜੀ ਮੁੜ ਸ਼ੁਰੂ ਕਰ ਸਕਣ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਹਿਣਾ ਗ੍ਰਾਮ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਲੱਗੀਆਂ ਮਸ਼ੀਨਾਂ ਅਤੇ ਟਰੈਕਟਰਾਂ ਲਈ ਰੋਜ਼ਾਨਾ ਲਗਭਗ ਇੱਕ ਲੱਖ ਰੁਪਏ ਦਾ ਡੀਜ਼ਲ ਵਰਤਿਆ ਜਾ ਰਿਹਾ ਹੈ | ਸੰਤ ਸੀਚੇਵਾਲ ਨੇ ਹੜ੍ਹਾਂ ਦੌਰਾਨ ਸੇਵਾ ਕਰਨ ਵਾਲੇ ਪਰਵਾਸੀ ਪੰਜਾਬੀਆਂ ਦਾ ਵੀ ਦਿਲੋਂ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਅਜੇ ਵੀ ਡੀਜ਼ਲ ਦੀ ਭਾਰੀ ਲੋੜ ਹੈ | ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦਾ ਰੁੱਖ ਬਦਲਣ ਕਾਰਨ ਨਾਲ ਲੱਗਦੀਆਂ ਜ਼ਮੀਨਾਂ ਵਿਚ 5 ਤੋਂ 7 ਫੁੱਟ ਤੱਕ ਰੇਤਾ ਜਮ ਗਿਆ ਸੀ ਜਿਸ ਕਾਰਨ ਖੇਤਾਂ ਨੂੰ ਮੁੜ ਕਾਬਲ-ਕਾਸ਼ਤ ਬਣਾਉਣਾ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ | ਉਨ੍ਹਾਂ ਆਸ ਜਤਾਈ ਕਿ ਫਰਵਰੀ ਮਹੀਨੇ ਤੱਕ ਪੱਧਰ ਹੋਣ ਵਾਲੇ ਖੇਤਾਂ 'ਚ ਮੱਕੀ ਦੀ ਬਿਜਾਈ ਸੰਭਵ ਹੋ ਸਕੇਗੀ |