ਸੁਲਤਾਨਪੁਰ ਲੋਧੀ, 1 ਫਰਵਰੀ (ਨਰੇਸ਼ ਹੈਪੀ)-ਵਿਸ਼ਵ ਜਲਗਾਹ ਦਿਵਸ ਦੀ ਪੂਰਵ ਸੰਧਿਆ 'ਤੇ ਪਵਿੱਤਰ ਵੇਈਾ ਕਿਨਾਰੇ ਹੋਈ ਵਾਤਾਵਰਣ ਕਾਨਫ਼ਰੰਸ ਵਿਚ ਬੁਲਾਰਿਆਂ ਨੇ ਇਕਸੁਰ ਹੰੁਦਿਆਂ ਸੱਦਾ ਦਿੱਤਾ ਕਿ ਜੇਕਰ ਸਾਡੀਆਂ ਛੋਟੀਆਂ ਨਦੀਆਂ ਤੇ ਜਲਗਾਹਾਂ ਨਾ ਬਚੀਆਂ ਤਾਂ ਚੌਗਿਰਦੇ ਦਾ ਵੱਡਾ ਨੁਕਸਾਨ ਹੋ ਜਾਵੇਗਾ | ਜਲਗਾਹਾਂ, ਪਿੰਡਾਂ ਦੇ ਟੋਭਿਆਂ ਤੇ ਛੱਪੜਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਵਿਰੁੱਧ ਵੱਡੀ ਲੋਕ ਲਹਿਰ ਉਸਾਰਨ ਦੀ ਅਪੀਲ ਵੀ ਕੀਤੀ ਗਈ | ਪੰਜਾਬ ਦੇ ਬੁੱਢੇ ਦਰਿਆ 'ਤੇ ਹੋਏ ਨਜਾਇਜ਼ ਕਬਜ਼ਿਆਂ ਤੇ ਉਸ ਵਿਚ ਜ਼ਹਿਰੀਲਾ ਪਾਣੀ ਪਾਉਣ ਵਾਲੀਆਂ ਤਾਕਤਵਰ ਧਿਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ | ਨੈਸ਼ਨਲ ਗਰੀਨ ਟਿ੍ਬਿਊਨਲ ਦੇ ਮੈਂਬਰ ਤੇ ਵਾਤਾਵਰਣ ਕਾਨਫ਼ਰੰਸ ਦੇ ਮੁੱਖ ਮਹਿਮਾਨ ਡਾ. ਅਫਰੋਜ਼ ਅਹਿਮਦ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਾਤਾਵਰਣ ਨੂੰ ਧਰਮ ਵਾਂਗ ਨਿਭਾਉਣਾ ਪਵੇਗਾ | ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਛੋਟੀਆਂ ਨਦੀਆਂ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹ ਛੋਟੀਆਂ ਨਦੀਆਂ ਹੀ ਵੱਡੀਆਂ ਨਦੀਆਂ ਦੇ ਵਹਾਅ ਨੂੰ ਲਗਾਤਾਰ ਬਣਾਈ ਰੱਖਣ 'ਚ ਸਹਾਈ ਹੁੰਦੀਆਂ ਹਨ | ਉਨ੍ਹਾਂ ਪਵਿੱਤਰ ਕਾਲੀ ਵੇਈਾ ਦੇ ਮੁੜ ਸੁਰਜੀਤ ਹੋਣ ਦੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰਿਆਂ ਦਾ ਕਮਾਲ ਹੈ ਕਿ ਅੱਜ ਇੱਥੇ ਉਤਸਵ ਵਰਗਾ ਮਾਹੌਲ ਬਣਿਆ ਹੋਇਆ ਹੈ | ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਨਦੀਆਂ, ਦਰਿਆ, ਝੀਲਾਂ ਤੇ ਪਿੰਡਾਂ ਦੇ ਟੋਭਿਆਂ 'ਤੇ ਨਜਾਇਜ਼ ਕਬਜ਼ੇ ਕਰਨ ਵਾਲੇ ਤਾਕਤਵਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ | ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕਰਨ ਵਾਲਿਆਂ ਵਿਰੁੱਧ ਵਿਅਕਤੀਗਤ ਰੂਪ 'ਚ ਸ਼ਿਕਾਇਤਾਂ ਕਰਨ | ਉੱਤਰ ਪ੍ਰਦੇਸ਼ ਦੇ ਘੱਟ ਗਿਣਤੀ ਕਮਿਸ਼ਨ ਮੈਂਬਰ ਸੰਮਾਨ ਅਫਰੋਜ਼ ਖ਼ਾਨ ਨੇ ਕਿਹਾ ਕਿ ਜੇਕਰ ਸੰਤ ਬਲਬੀਰ ਸਿੰਘ ਸੀਚੇਵਾਲ ਵਰਗੇ ਸੰਤ ਹਰ ਸੂਬੇ ਵਿਚ ਹੋਣ ਤਾਂ ਵਾਤਾਵਰਣ ਆਪਣੇ ਆਪ ਹੀ ਸਾਫ਼ ਹੋ ਜਾਵੇ | ਵਰਿੰਦਰ ਵਾਲੀਆ ਨੇ ਵਾਤਾਵਰਣ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ: ਏ.ਪੀ.ਜੇ. ਅਬਦੁਲ ਕਲਾਮ ਨੇ ਰਾਸ਼ਟਰਪਤੀ ਹੰੁਦਿਆਂ ਹੋਇਆਂ ਤੇ ਬਾਅਦ ਵਿਚ ਵੀ ਸੁਲਤਾਨਪੁਰ ਦਾ ਦੌਰਾ ਕੀਤਾ ਸੀ ਤਾਂ ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਸੰਤ ਸੀਚੇਵਾਲ ਵੱਲੋਂ ਪਾਣੀਆਂ ਦੇ ਕੀਤੇ ਗਏ ਕਾਰਜਾਂ ਨੂੰ ਕਿੰਨੀ ਮਹੱਤਤਾ ਦਿੰਦੇ ਹਨ | ਸਮਾਗਮ ਨੂੰ ਸੰਬੋਧਨ ਹੰੁਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੋਂ ਪਿੱਛੇ ਹਟਣ ਨਾਲ ਹੀ ਪੰਜਾਬ ਦਾ ਬੁਰਾ ਹਾਲ ਹੋਇਆ ਹੈ | ਸੰਤ ਸੀਚੇਵਾਲ ਨੇ ਜਲਗਾਹ ਦਿਵਸ ਦੀ ਪੂਰਵ ਸੰਧਿਆ ਤੇ ਜਲਗਾਹਾਂ ਨੂੰ ਬਚਾਉਣ ਦਾ ਸੱਦਾ ਦਿੱਤਾ | ਇਸ ਕਾਨਫ਼ਰੰਸ ਪੰਜਾਬੀ ਸੱਥ ਦੇ ਬਾਨੀ ਆਗੂ ਡਾ. ਨਿਰਮਲ ਸਿੰਘ ਲਾਂਬੜਾ, ਲੇਖਕ ਖ਼ੁਸ਼ਹਾਲ ਲਾਲੀ, ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓ.ਐਸ.ਡੀ. ਮਨਜੀਤ ਸਿੰਘ ਸਿੱਧੂ, ਦਸਤਾਵੇਜ਼ੀ ਫ਼ਿਲਮ ਮੇਕਰ ਜੋਨੀਤਾ ਡੋਡਾ ਨੇ ਵੀ ਸੰਬੋਧਨ ਕੀਤਾ | ਇਸ ਤੋਂ ਇਲਾਵਾ ਜਗਤ ਪੰਜਾਬੀ ਦੇ ਪ੍ਰਧਾਨ ਐਨ.ਆਰ.ਆਈ. ਅਜਾਇਬ ਸਿੰਘ ਚੱਠਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਸਟੇਜ ਦਾ ਸੰਚਾਲਨ ਸੰਤ ਸੁਖਜੀਤ ਸਿੰਘ ਨੇ ਕੀਤਾ | ਇਸ ਤੋਂ ਪਹਿਲਾਂ ਸੰਤ ਸੀਚੇਵਾਲ ਵੱਲੋਂ ਕਿਸ਼ਤੀ ਰਾਹੀ ਆਏ ਮੁੱਖ ਮਹਿਮਾਨਾਂ ਨੂੰ ਕਿਸ਼ਤੀ ਰਾਹੀ ਵੇਈਾ ਦੀ ਸੈਰ ਕਰਵਾਈ ਗਈ | ਉਪਰੰਤ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਦੀ ਹਦੂਦ ਅੰਦਰ ਬੂਟਾ ਲਗਾਇਆ ਗਿਆ |