ਜਲੰਧਰ, 23 ਫਰਵਰੀ (ਚੰਦੀਪ ਭੱਲਾ)- ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਆਈ.ਏ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ ਤੇ ਇਸੇ ਦੇ ਤਹਿਤ ਜਲੰਧਰ ਦੇ ਐੱਸ.ਡੀ.ਐਮ-1 ਰਣਦੀਪ ਸਿੰਘ ਹੀਰ ਦਾ ਵੀ ਤਬਾਦਲਾ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਥਾਂ ਮੁੱਖ ਮੰਤਰੀ ਖੇਤਰੀ ਅਫ਼ਸਰ ਦੇ ਤੌਰ 'ਤੇ ਤਾਇਨਾਤ ਰਹੇ ਸ. ਨਵਦੀਪ ਸਿੰਘ ਨੂੰ ਜਲੰਧਰ 'ਚ ਬਤੌਰ ਐੱਸ.ਡੀ.ਐਮ. ਜਲੰਧਰ-1 ਲਗਾਇਆ ਗਿਆ ਹੈ | ਅੱਜ ਸ.ਨਵਦੀਪ ਸਿੰਘ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ | ਚਾਰਜ ਸੰਭਾਲਣ ਦੌਰਾਨ ਸ.ਨਵਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਲੋਕਾਂ ਦੇ ਕੰਮਾਂ ਨੂੰ ਪਹਿਲ ਦੇਣਾ ਹੈ ਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਕਿ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ | ਇਸ ਮੌਕੇ ਉਨ੍ਹਾਂ ਹੋਰ ਵੀ ਕੰਮਾਂ ਸੰਬੰਧੀ ਵਿਚਾਰ ਸਾਂਝੇ ਕੀਤੇ |