ਭੁਲੱਥ, 23 ਫਰਵਰੀ (ਮਨਜੀਤ ਸਿੰਘ ਰਤਨ)- ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ 'ਤੇ ਪੀਲਾ ਪੰਜਾ ਚਲਾਉਣਾ ਬਹੁਤ ਹੀ ਘਟੀਆ ਤੇ ਨਿੰਦਣਯੋਗ ਗੱਲ ਹੈ | ਇਹ ਪ੍ਰਗਟਾਵਾ ਭੁਲੱਥ ਤੋਂ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਇੱਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਹੜੀਆਂ ਇਹ ਨਵੀਆਂ ਨਵੀਆਂ ਪਿਰਤਾਂ ਪਾ ਰਹੀ ਹੈ ਉਹ ਸਮਾਜ ਵਾਸਤੇ ਬਹੁਤ ਮਾੜੀਆਂ ਹਨ | ਜੇਕਰ ਕੋਈ ਕਾਰਵਾਈ ਕਰਨੀ ਹੀ ਸੀ ਤਾਂ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ | ਨਾ ਤਾਂ ਪਹਿਲਾਂ ਕੋਈ ਨੋਟਿਸ ਦਿੱਤਾ ਨਾ ਹੀ ਸੂਚਿਤ ਕੀਤਾ ਗਿਆ, ਜਦਕਿ ਪਿੰਡ ਦੀ ਪੰਚਾਇਤ ਵੀ ਉਨ੍ਹਾਂ ਦੇ ਹੱਕ 'ਚ ਬੋਲਦੀ ਹੈ | ਦੂਜੀ ਗੱਲ ਕਿ ਲਾਲ ਲਕੀਰ ਦੇ ਅੰਦਰ ਦਾ ਰਿਕਾਰਡ ਹੀ ਕਿਸੇ ਕੋਲ ਨਹੀਂ ਹੈ ਕਿ ਕੀਹਦੀ ਜਗ੍ਹਾ ਕੀਹਦੀ ਨਹੀਂ ਹੈ | ਇਸ ਤਰ੍ਹਾਂ ਤੇ ਪਿੰਡ ਵਿਚ ਜਿਹੜਾ ਮਰਜ਼ੀ ਜਿਸ ਦਾ ਮਰਜ਼ੀ ਘਰ ਢਾਹ ਦਿਓ | ਇਹ ਇੱਕ ਬਹੁਤ ਘਟੀਆ ਬੜੀ ਸ਼ਰਮਨਾਕ ਗੱਲ ਹੈ |