ਫਗਵਾੜਾ, 23 ਫ਼ਰਵਰੀ (ਹਰਜੋਤ ਸਿੰਘ ਚਾਨਾ)-ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਚਹੇੜੂ ਦੇ ਰੇਲਵੇ ਓਵਰਬਿ੍ਜ 'ਤੇ ਤਿੰਨ ਵਾਹਨਾਂ ਦੀ ਆਪਸੀ ਟੱਕਰ ਹੋਣ ਕਾਰਨ ਕਾਫ਼ੀ ਦੇਰ ਤੱਕ ਟਰੈਫ਼ਿਕ ਜਾਮ ਰਿਹਾ | ਹਾਦਸੇ ਦੌਰਾਨ ਤਿੰਨੇ ਵਾਹਨ ਨੁਕਸਾਨੀ ਹੋ ਗਏ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ | ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਤੁਰੰਤ ਕਾਰਵਾਈ ਕਰਦਿਆਂ ਨੁਕਸਾਨੀ ਵਾਹਨਾਂ ਨੂੰ ਸੜਕ ਤੋਂ ਹਟਾਇਆ ਤੇ ਟਰੈਫ਼ਿਕ ਨੂੰ ਮੁੜ ਚਾਲੂ ਕਰਵਾਇਆ | ਥਾਣੇਦਾਰ ਬਿੰਦਰਪਾਲ ਸਿੰਘ ਨੇ ਦੱਸਿਆ ਕਿ ਜੀ. ਟੀ. ਰੋਡ 'ਤੇ ਚਹੇੜੂ ਰੇਲਵੇ ਓਵਰਬਿ੍ਜ ਨੇੜੇ ਫਗਵਾੜਾ ਵੱਲੋਂ ਆ ਰਹੀ ਇੱਕ ਵੈਨਿਊ ਗੱਡੀ ਦੇ ਪਿੱਛੇ ਇਨੋਵਾ ਕਾਰ ਚੱਲ ਰਹੀ ਸੀ | ਅਚਾਨਕ ਵੈਨਿਊ ਨੇ ਬਰੇਕ ਲਗਾਈ ਤਾਂ ਪਿੱਛੇ ਆ ਰਹੀ ਇਨੋਵਾ ਨੇ ਵੀ ਬਰੇਕ ਲਗਾ ਦਿੱਤੀ, ਪਰ ਇਨੋਵਾ ਦੇ ਪਿੱਛੇ ਚੱਲ ਰਿਹਾ ਟਾਟਾ 407 ਵਾਹਨ ਸਮੇਂ 'ਤੇ ਕਾਬੂ ਨਹੀਂ ਕਰ ਸਕਿਆ ਤੇ ਉਸ ਨੇ ਇਨੋਵਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ | ਟੱਕਰ ਦੇ ਝਟਕੇ ਨਾਲ ਤਿੰਨੋਂ ਵਾਹਨ ਆਪਸ 'ਚ ਟਕਰਾ ਗਏ ਤੇ ਨੁਕਸਾਨੇ ਗਏ | ਉਨ੍ਹਾਂ ਦੱਸਿਆ ਕਿ ਟਾਟਾ 407 ਵਾਹਨ ਨੂੰ ਕਬਜ਼ੇ 'ਚ ਲੈ ਕੇ ਥਾਣਾ ਸਦਰ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |