ਕਪੂਰਥਲਾ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸਦਰ ਕਪੂਰਥਲਾ ਦੇ ਐਡੀਸ਼ਨਲ ਐਸ. ਐਚ. ਓ. ਗੁਰਮੀਤ ਸਿੰਘ ਵਲੋਂ ਪਿੰਡ ਨੱਥੂਚਾਹਲ ਦੇ ਸਾਬਕਾ ਸਰਪੰਚ ਤੇ ਨੰਬਰਦਾਰ ਇੰਦਰਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਾਜਨਬੀਰ ਸਿੰਘ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਥਾਣਾ ਸਦਰ ਪੁੱਜ ਕੇ ਉਨ੍ਹਾਂ ਐਡੀਸ਼ਨਲ ਐਸ. ਐਚ. ਓ. ਨੂੰ ਮਿਲ ਕੇ ਝਾੜ ਪਾਈ | ਕਾਂਗਰਸ ਵਿਧਾਇਕ ਨੇ ਕਿਹਾ ਕਿ ਇੰਦਰਜੀਤ ਸਿੰਘ ਤੇ ਉਸ ਦਾ ਲੜਕਾ 300 ਏਕੜ ਦੀ ਖੇਤੀ ਕਰਦੇ ਹਨ ਤੇ ਉਨ੍ਹਾਂ ਕੋਲ ਆਪਣੀ ਸੁਰੱਖਿਆ ਲਈ ਲਾਇਸੰਸੀ ਹਥਿਆਰ ਰੱਖੇ ਹੋਏ ਹਨ | ਬੀਤੇ ਦਿਨ ਥਾਣਾ ਸਦਰ ਦੇ ਐਡੀਸ਼ਨਲ ਐਸ. ਐਚ. ਓ. ਨੇ ਉਨ੍ਹਾਂ ਨੂੰ ਵਾਰ ਵਾਰ ਫ਼ੋਨ ਕੀਤਾ ਕਿ ਉਹ ਆਪਣੇ ਹਥਿਆਰ ਤੇ ਅਸਲ੍ਹਾ ਲਾਇਸੰਸ ਲੈ ਕੇ ਥਾਣਾ ਸਦਰ ਪੁੱਜਣ | ਪੁਲਿਸ ਵਲੋਂ ਉਨ੍ਹਾਂ ਵਿਰੁੱਧ ਆਈ ਸ਼ਿਕਾਇਤ ਦੀ ਪੜਤਾਲ ਕੀਤੀ ਜਾਣੀ ਹੈ | ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ, ਜਿਸ ਤੋਂ ਬਾਅਦ ਉਹ ਉਨ੍ਹਾਂ ਦੇ ਨਾਲ ਥਾਣੇ ਪੁੱਜੇ | ਇਸੇ ਮੌਕੇ ਨੰਬਰਦਾਰ ਇੰਦਰਜੀਤ ਸਿੰਘ ਨੱਥੂ ਚਾਹਲ ਨੇ ਦੱਸਿਆ ਕਿ ਬੀਤੇ ਦਿਨ ਐਡੀਸ਼ਨਲ ਐਸ. ਐਚ. ਓ. ਵਲੋਂ ਵਾਰ ਵਾਰ ਉਨ੍ਹਾਂ ਨੂੰ ਫ਼ੋਨ ਕੀਤੇ ਜਾਣ 'ਤੇ ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਉਹ ਸਾਡੇ ਜਾਨ ਤੇ ਮਾਲ ਦੀ ਰੱਖਿਆ ਦੀ ਲਿਖਤੀ ਗਰੰਟੀ ਦਿੰਦੇ ਹਨ ਤਾਂ ਉਹ ਆਪਣੇ ਲਾਇਸੰਸੀ ਹਥਿਆਰ ਜਮਾਂ ਕਰਵਾਉਣ ਲਈ ਤਿਆਰ ਹਨ | ਇਸੇ ਦੌਰਾਨ ਹੀ ਰਾਣਾ ਗੁਰਜੀਤ ਸਿੰਘ ਐਡੀਸ਼ਨਲ ਐਸ. ਐਚ. ਓ. ਨੂੰ ਲੈ ਕੇ ਡੀ. ਐਸ. ਪੀ. ਸਬ ਡਵੀਜ਼ਨ ਦੇ ਦਫ਼ਤਰ ਪੁੱਜੇ ਤੇ ਉਨ੍ਹਾਂ ਸਾਰਾ ਮਾਮਲਾ ਡੀ. ਐਸ. ਪੀ. ਡਾ. ਸ਼ੀਤਲ ਸਿੰਘ ਦੇ ਧਿਆਨ 'ਚ ਲਿਆਂਦਾ | ਇਸ ਮਾਮਲੇ ਸੰਬੰਧੀ ਡੀ. ਐਸ. ਪੀ. ਸਬ ਡਵੀਜ਼ਨ ਨੇ ਦੱਸਿਆ ਕਿ ਰਾਜਨਬੀਰ ਸਿੰਘ ਵਾਸੀ ਨੱਥੂ ਚਾਹਲ ਆਪਣੇ ਲਾਇਸੰਸੀ ਹਥਿਆਰ ਦੀ ਕਿਤੇ ਵਰਤੋਂ ਕਰਨੀ ਚਾਹੁੰਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਜਾਂਚ ਲਈ ਉਨ੍ਹਾਂ ਨੂੰ ਥਾਣੇ 'ਚ ਬੁਲਾਇਆ ਗਿਆ ਸੀ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਕੁਲਦੀਪ ਸਿੰਘ, ਜਸਵੰਤ ਸਿੰਘ ਲਾਡੀ, ਕੌਂਸਲਰ ਹਰਜੀਤ ਸਿੰਘ ਬੱਬਾ ਤੇ ਪਾਰਟੀ ਹੋਰ ਆਗੂ ਹਾਜ਼ਰ ਸਨ |