ਡਡਵਿੰਡੀ, 28 ਮਾਰਚ (ਦਿਲਬਾਗ ਸਿੰਘ ਝੰਡ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਭਾਈ ਲਾਲੂ ਜੀ ਜ਼ੋਨ ਡੱਲਾ ਸਾਹਿਬ ਦੀ ਨਵੀਂ ਕਮੇਟੀ ਚੁਣਨ ਲਈ ਜੋਨ ਦੇ ਵੱਖ-ਵੱਖ ਪਿੰਡਾਂ ਡਡਵਿੰਡੀ, ਡੇਰਾ ਸੇਦਾਂ, ਮੋਖੇ, ਫੋਜ਼ੀ ਕਲੋਨੀ, ਰਾਮਪੁਰ ਜਾਗੀਰ, ਜੈਨਪੁਰ ਤੇ ਅਮਰਜੀਤਪੁਰ ਵਿਖੇ ਚੋਣ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਨੇ ਦੱਸਿਆ ਕਿ ਜ਼ੋਨ ਦੀ ਨਵੀਂ ਬਾਡੀ ਚੁਣਨ 31 ਮਾਰਚ ਨੂੰ ਚੋਣ ਰੱਖੀ ਗਈ ਹੈ ਅਤੇ ਇਸ ਲਈ ਵੱਖ ਵੱਖ ਪਿੰਡਾਂ ਵਿਚ ਲੋਕਾਂ ਨੂੰ ਕਮੇਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਡੀਜ਼ਲ ਤੇ ਪੈਟਰੋਲ ਨੂੰ ਤੁਰੰਤ ਜੀ. ਐਸ. ਟੀ. ਦੇ ਘੇਰੇ 'ਚ ਲਿਆਵੇ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕੁੱਝ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੀ ਆਈ ਹੈ | ਇਸੇ ਤਹਿਤ ਹੀ ਉਨ੍ਹਾਂ ਵਲੋਂ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਤਾਂ ਲਗਾਤਾਰ ਮੁਆਫ਼ ਕੀਤੇ ਜਾ ਰਹੇ ਹਨ ਪਰ ਕਿਸਾਨਾਂ ਦੇ ਨਿਗੁਣੇ ਕਰਜ਼ਿਆਂ ਲਈ ਵੀ ਉਨ੍ਹਾਂ ਦੀਆਂ ਜਾਇਦਾਦਾਂ ਦੀਆਂ ਕੁਰਕੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਅਪੀਲ ਕੀਤੀ ਕਿ ਆਪਣੇ ਹੱਕਾਂ ਦੀ ਰਾਖੀ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠਾਂ ਇਕੱਠੇ ਹੋ ਕੇ ਸੰਘਰਸ਼ ਦੇ ਰਾਹ ਤੁਰਿਆ ਜਾਵੇ | ਇਸ ਮੌਕੇ ਡਡਵਿੰਡੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੱਜ, ਨਰਿੰਦਰ ਸਿੰਘ ਸੰਧਾ, ਹਰਜਿੰਦਰ ਸਿੰਘ ਝੰਡ, ਜਸਪਾਲ ਸਿੰਘ ਸੰਧਾ, ਦੀਦਾਰ ਸਿੰਘ ਸੰਧਾ, ਸਰਪੰਚ ਸਰਵਣ ਲਾਲ, ਸੋਹਣ ਸਿੰਘ ਖਿੰਡਾ, ਰਣਜੀਤ ਸਿੰਘ, ਸੰਦੀਪ ਸਿੰਘ ਝੰਡ, ਬਲਵੰਤ ਕੁਮਾਰ, ਰਾਕੇਸ਼ ਕੁਮਾਰ ਗੁਰਜਿੰਦਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ |