ਸੁਲਤਾਨਪੁਰ ਲੋਧੀ, 2 ਅਪ੍ਰੈਲ (ਨਰੇਸ਼ ਹੈਪੀ)-ਜੱਟ ਸਭਾ ਵੈੱਲਫੇਅਰ ਸੁਸਾਇਟੀ ਰਜਿ: ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਸਥਾਨਕ ਮੀਟਿੰਗ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਸਭਾ ਦੇ ਜਨਰਲ ਸਕੱਤਰ ਅਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਮੂਹ ਮੈਂਬਰ ਸਾਹਿਬਾਨ ਵਲੋਂ ਧੰਨ ਧੰਨ ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਧ ਚੜ੍ਹ ਕੇ ਯੋਗਦਾਨ ਪਾਉਣ ਦਾ ਫ਼ੈਸਲਾ ਲਿਆ | ਬੁਲਾਰਿਆਂ ਨੇ ਇਹ ਵੀ ਕਿਹਾ ਕਿ ਲੰਗਰ 'ਚ ਦੁੱਧ ਤੇ ਸਬਜ਼ੀਆਂ ਦੀ ਸੇਵਾ ਵੀ ਵੱਧ ਤੋਂ ਵੱਧ ਕੀਤੀ ਜਾਵੇਗੀ | ਇਸ ਤੋਂ ਇਲਾਵਾ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਗੁਰਦਿਆਲ ਸਿੰਘ ਯੂ. ਕੇ. ਤੇ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚਾਨਾ ਦੀ ਹਾਜ਼ਰੀ ਵਿਚ ਬਾਬਾ ਜਸਪਾਲ ਸਿੰਘ ਨੀਲਾ ਨੂੰ ਲੰਗਰ ਵਾਸਤੇ ਜੱਟ ਸਭਾ ਨੇ ਆਰਥਿਕ ਸਹਾਇਤਾ ਵੀ ਦਿੱਤੀ | ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਆਲੂਆਂ ਦੀ ਫ਼ਸਲ ਤੋਂ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੀੜਿਤ ਕਿਸਾਨਾਂ ਦੀ ਬਾਂਹ ਫੜੇ | ਉਨ੍ਹਾਂ ਇਹ ਵੀ ਦੱਸਿਆ ਕਿ ਕਿ ਇਸ ਵਾਰ ਖਾਦਾਂ, ਡੀਜ਼ਲ, ਵਹਾਈ, ਬੀਜ, ਸਟੋਰ ਦਾ ਕਿਰਾਇਆ ਤੇ ਲੇਬਰ ਵੀ ਕਿਸਾਨ ਦੇ ਪੱਲਿਓਾ ਪਈ ਹੈ | ਇਸ ਮੌਕੇ ਜੱਟ ਸਭਾ ਦੇ ਜਨਰਲ ਸਕੱਤਰ ਅਜੀਤ ਸਿੰਘ ਔਜਲਾ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਹਰਪ੍ਰੀਤ ਪਾਲ ਸਿੰਘ ਵਿਰਕ, ਨੰਬਰਦਾਰ ਅਮਰਜੀਤ ਸਿੰਘ ਫ਼ੌਜੀ ਕਾਲੋਨੀ, ਹਰਵੰਤ ਸਿੰਘ ਵੜੈਚ, ਸੁਖਪਾਲ ਸਿੰਘ, ਬਲਵਿੰਦਰ ਸਿੰਘ ਬੰਬ, ਬਾਬਾ ਅਵਤਾਰ ਸਿੰਘ ਮੋਠਾਂਵਾਲਾ, ਸਤਨਾਮ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਲਹਿੰਬਰ ਸਿੰਘ ਸਰਾਏ ਜੱਟਾਂ, ਹਰਜੀਤ ਸਿੰਘ ਬਾਠ ਆਦਿ ਵੀ ਹਾਜ਼ਰ ਸਨ |