ਕਪੂਰਥਲਾ, 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਧਿਆਪਕਾਂ ਲਈ ਸੰਕਲਪ ਨਾਮੀ ਓਰੀਐਂਟੇਸ਼ਨ ਵਰਕਸ਼ਾਪ ਲਗਾਈ ਗਈ, ਜਿਸ ਵਿਚ ਸਕੂਲ ਦੇ ਅਧਿਆਪਕਾਂ ਤੇ ਪ੍ਰਬੰਧਕੀ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ | ਵਰਕਸ਼ਾਪ ਵਿਚ ਅਧਿਆਪਕਾਂ ਵਲੋਂ ਆਪਸੀ ਵਿਚਾਰ ਵਟਾਂਦਰੇ ਉਪਰੰਤ ਨਵੇਂ ਵਿੱਦਿਅਕ ਸੈਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ਤੇ ਨਵੀਆਂ ਸਿਖਲਾਈ ਵਿਧੀਆਂ 'ਤੇ ਚਰਚਾ ਕੀਤੀ ਗਈ ਤੇ ਟੀਮ ਵਰਕ, ਅਨੁਸ਼ਾਸਨ, ਸਮਰਪਣ ਤੇ ਸਕਾਰਆਤਮਕ ਸੋਚ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਅਧਿਆਪਕਾਂ ਨੂੰ ਨਵੇਂ ਵਿੱਦਿਅਕ ਸੈਸ਼ਨ ਵਿਚ ਨਵੇਂ ਜੋਸ਼, ਉਤਸ਼ਾਹ ਤੇ ਅਗਾਂਹਵਧੂ ਸੋਚ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੇ ਨਿਰਮਾਣ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਉਤਸ਼ਾਹਿਤ ਕੀਤਾ | ਸਕੂਲ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਅਧਿਆਪਕਾਂ ਨੂੰ ਨਵੇਂ ਅਕਾਦਮਿਕ ਸੈਸ਼ਨ ਦੀਆਂ ਸ਼ੱੁਭਕਾਮਨਾਵਾਂ ਦਿੱਤੀਆਂ ਤੇ ਵਿਦਿਆਰਥੀਆਂ ਨੂੰ ਮਿਹਨਤ, ਲਗਨ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ | ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਤੇ ਕਰੁਣਾ ਸ਼ਰਮਾ, ਪ੍ਰੀਖਿਆ ਇੰਚਾਰਜ ਨਿਰਮਲ ਜੋਤੀ ਤੇ ਨਰਸਰੀ ਬਲਾਕ ਦੀ ਕੋਆਰਡੀਨੇਟਰ ਸ੍ਰੀਮਤੀ ਬਬਿਤਾ ਤੇ ਕੋਆਰਡੀਨੇਟਰ ਸ੍ਰੀਮਤੀ ਲਵਲੀਨ ਕੌਰ ਦੀ ਦੇਖ ਰੇਖ ਹੇਠ ਕਰਵਾਈ ਗਈ ਵਰਕਸ਼ਾਪ ਸਫਲਤਾਪੂਰਵਕ ਸਮਾਪਤ ਹੋਈ |