ਕਰਤਾਰਪੁਰ, 5 ਅਪ੍ਰੈਲ (ਜਨਕ ਰਾਜ ਗਿੱਲ)-2 ਅਪ੍ਰੈਲ ਤੋਂ ਦਲਿਤ ਸਮਾਜ ਦੇ ਹੱਕ 'ਚ ਨਿੱਤਰੀਆਂ ਜਥੇਬੰਦੀਆਂ ਤੇ ਸੈਂਕੜੇ ਲੋਕਾਂ ਵਲੋਂ ਜਲੰਧਰ ਕਰਤਾਰਪੁਰ ਥਾਣੇ ਸਾਹਮਣੇ ਸਰਵਿਸ ਲਾਈਨ 'ਤੇ ਲਗਾਏ ਦਿਨ ਰਾਤ ਦੇ ਧਰਨੇ ਤੇ ਪੁਲਿਸ ਪ੍ਰਸ਼ਾਸਨ ਦੇ ਇਕ ਪਾਸੜ ਰਵੱਈਏ ਖ਼ਿਲਾਫ਼ ਆਮ ਲੋਕਾਂ ਚ ਲਗਾਤਾਰ ਵੱਧਦੇ ਰੋਸ ਦੇ ਚਲਦਿਆਂ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਕਰਤਾਰਪੁਰ ਵਿਖੇ 8 ਅਪ੍ਰੈਲ ਨੂੰ ਅੰਮਿ੍ਤਸਰ ਜਲੰਧਰ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ | ਇਹ ਫੈਸਲਾ ਬੇਅਬਦੀ ਕਰਵਾਉਣ ਖ਼ਿਲਾਫ਼ ਪੁਲਿਸ ਵਲੋਂ ਸੱਤਾਧਾਰੀ ਧਿਰ ਦੇ ਦਬਾਅ ਕਾਰਨ ਮਾਮਲਾ ਦਰਜ ਨਾ ਕਰਨ ਦੇ ਰੋਸ ਵਜੋਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਤੋਂ ਇਲਾਵਾ ਹੋਰਾਂ ਜਥੇਬੰਦੀਆਂ ਵਲੋਂ ਸਾਂਝੀ ਮੀਟਿੰਗ ਕਰਨ ਉਪਰੰਤ ਲਿਆ ਗਿਆ ਹੈ | ਇਸ ਮੌਕੇ ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਉਪ ਪ੍ਰਧਾਨ ਡਾ. ਹਰਜਿੰਦਰ ਮੱਟੂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਪ੍ਰੀਤ ਸਿੰਘ ਚੀਦਾ, ਅੰਬੇਡਕਰ ਸੈਨਾ ਪੰਜਾਬ ਦੇ ਬਲਵਿੰਦਰ ਬੁੱਗਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਆਦਿ ਹਾਜ਼ਰ ਸਨ | ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਸਰਵਨ ਸਿੰਘ ਰੌਮੀ ਤੇ ਬਾਬਾ ਜੀਵਨ ਸਿੰਘ ਦਲ ਜਥੇਦਾਰ ਬਾਬਾ ਹੀਰਾ ਆਦਿ ਵਲੋਂ ਵਿਚਾਰ ਪੇਸ਼ ਕੀਤੇ | ਦੂਜੇ ਪਾਸੇ ਥਾਣਾ ਕਰਤਾਰਪੁਰ ਵਲੋਂ ਵੀ ਲੋਕਾਂ ਦੇ ਵੱਧ ਰਹੇ ਰੋਸ ਨੂੰ ਦੇਖਦੇ ਹੋਏ ਥਾਣੇ ਦੇ ਮੁੱਖ ਗੇਟ ਨੂੰ ਜਿੰਦਰਾ ਲਗਾਉਂਦੇ ਹੋਏ ਆਮ ਲੋਕਾਂ ਲਈ ਵੀ ਥਾਣਾ ਬੰਦ ਕਰ ਦਿੱਤਾ ਹੈ |