ਫਗਵਾੜਾ, 9 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇਥੇ ਮੁਕੰਦਪੁਰ ਤੋਂ ਫਗਵਾੜਾ ਆ ਰਹੀ ਸਵਾਰੀਆਂ ਨਾਲ ਭਰੀ ਇਕ ਪ੍ਰਾਈਵੇਟ ਬੱਸ ਦਾ ਅਚਾਨਕ ਟਾਇਰ ਪੈਂਚਰ ਹੋਣ ਕਰਕੇ ਬੱਸ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਦਰੱਖ਼ਤ ਨਾਲ ਜਾ ਟਕਰਾਈ | ਹਾਦਸਾ ਇੰਨਾ ਖ਼ਤਰਨਾਕ ਸੀ ਕਿ ਬੱਸ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ ਤੇ ਟੱਕਰ ਦੇ ਨਾਲ ਸਵਾਰੀਆਂ ਨੂੰ ਗੰਭੀਰ ਸੱਟਾਂ ਵੱਜੀਆਂ ਤੇ ਮੌਕੇ 'ਤੇ ਚੀਕ-ਚਿਹਾੜਾ ਮੱਚ ਗਿਆ | ਹਾਦਸੇ ਕਾਰਨ ਬੱਸ 'ਚ ਬੈਠੀਆਂ ਕਰੀਬ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਟਾਇਰ ਪੈਂਚਰ ਹੋਣ ਕਾਰਨ ਬੱਸ ਨੇ ਸੰਤੁਲਨ ਗੁਆ ਦਿੱਤਾ ਤੇ ਦਰੱਖ਼ਤ ਨਾਲ ਟਕਰਾਉਣ ਨਾਲ ਹਾਦਸਾ ਵਾਪਰਿਆ | ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ ਤੇ ਬਾਕੀ ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ 'ਚ ਜਾਰੀ ਹੈ | ਜ਼ਖ਼ਮੀਆਂ 'ਚ ਮਮਤਾ ਪੁੱਤਰੀ ਸਵਿੰਦਰ ਪਾਲ, ਚੰਦਾ ਦੇਵੀ ਵਾਸੀ ਸਰਹਾਲ ਮੰਡੀ, ਬਖ਼ਸ਼ੋ, ਰੇਸ਼ਮਾ ਵਾਸੀ ਰਤਨਪੁਰਾ, ਸਾਹਿਬ ਸਿੰਘ, ਜਸਵਿੰਦਰ ਕੌਰ, ਪਰਮਜੀਤ ਕੌਰ ਤੇ ਹੋਰ ਸਵਾਰੀਆਂ ਸ਼ਾਮਿਲ ਹਨ |